ਇਹ ਕੋਈ ਕੋਰੀ ਮੇਰੀ ਲਿਖਤ ਨਹੀਂ ਹੈ। ਇਹਤਾਂ ਆਪਣੇ ਸਭ ਦੇ ਬਚਪਨ ਵਿਚ ਜਾਕੇ ਹੱਡਬੀਤੀਆਂ ਨੂੰ ਦੁਹਰਾਇਆ ਗਿਆ ਹੈ।
ਸੱਠਾਂ ਸੱਤਰਾਂ ਦੇ ਦਹਾਕਿਆਂ ਵਿਚ ਆਹੀ ਕੁੱਝ ਪੜ੍ਹਿਆ ਸੀ ਤੇ ਆਹੀ ਕੁਝ ਵਾਪਰਦਾ ਸੀ। ਪਰ ਯਾਦ ਹੈ ਭੋਰਾ ਭੋਰਾ। ਕੋਈ ਰੱਟਾ ਫਿਕੇਸ਼ਨ ਨਹੀਂ। ਕੋਈ ਸ਼ਬਦੀ ਗਿਆਨ ਨਹੀਂ। ਓਦੋਂ ਦੀ ਸੋਚ ਤੇ ਸਮਝ ਹੀ ਇੰਨੀ ਵਧੀਆ ਸੀ। ਬਚਪਨ ਦੇ ਦਿਨ ਸੁਨਹਿਰੀ ਸਨ। ਸਕੂਲ ਜਾਣ ਦਾ ਮਤਲਬ ਪੜ੍ਹਾਈ ਹੀ ਹੁੰਦਾ ਸੀ ਤੇ ਮੰਦਿਰ ਗੁਰਦਵਾਰੇ ਜਾਣ ਦਾ ਮਤਲਬ ਕੇਵਲ ਪੂਜਾ ਅਰਚਨਾ ਹੀ।
ਪੜ੍ਹਦੇ ਸਮੇ ਸਿਆਹੀ ਦੇ ਡੋਬੇ ਦੀ ਵੀ ਉਧਾਰ ਨਹੀਂ ਸੀ ਕਰੀਦੀ। ਜੇ ਕਰ ਵੀ ਲੈਂਦੇ ਤਾਂ ਅਗਲੇ ਦਿਨ ਡੋਬਾ ਵਾਪਿਸ ਲੈਣਾ ਨਹੀਂ ਸੀ ਭੁਲਦੇ। ਉਂਜ ਯਾਰੀ ਪੱਕੀ ਹੁੰਦੀ ਸੀ ਪਰ ਸਿਆਹੀ ਆਪੋ ਆਪਣੀ। ਇੱਕ ਦਿਨ ਸਿਆਹੀ ਲਵੋ ਪਰ ਅਗਲੇ ਦਿਨ ਮੋੜ ਦਿਓਂ। ਇੱਕ ਚੱਕੀ ਤਾਂ ਬੇਲੀ ਤਿੰਨ ਪੈਸਿਆਂ ਦੇ ਲਏ ਅਮਰੂਦ ਦੇ ਵੀ ਵੱਡ ਲੈਂਦੇ ਸੀ। ਓਦੋਂ ਸਾਰੀਆਂ ਕੁੜੀਆਂ ਭੈਣਾਂ ਹੀ ਹੁੰਦੀਆਂ ਸੀ। ਤੇ ਟੀਚਰਾਂ ਭੈਣਜ਼ੀਆਂ। ਪਰ ਸੋਹਣੀਆਂ ਕੁੜੀਆਂ ਬਹੁਤ ਚੰਗੀਆਂ ਲਗਦੀਆਂ ਸੀ।ਤੇ ਜੀਅ ਪੱਕੀ ਭੈਣ ਬਣਾਉਣ ਨੂੰ ਕਰਦਾ। ਉਹਨਾਂ ਨਾਲ ਬੋਲਣ ਦੇ ਬਹਾਨੇ ਭਾਲਦੇ ਸੀ। ਉਹ ਵੀ ਦੰਦਾਂ ਵਿੱਚ ਚੁੰਨੀ ਟੁੱਕ ਕੇ ਵੀਰਾ ਵੀਰਾ ਆਖਕੇ ਗੱਲ ਕਰਦੀਆਂ। ਦਿਲ ਤੇ ਖਿਆਲ ਸਾਫ਼ ਸਨ ਪਰ ਜਦੋ ਸ਼ਰਮਾਉਂਦੀਆਂ ਤਾਂ ਹੋਰ ਵੀ ਸੋਹਣੀਆਂ ਲਗਦੀਆਂ। ਮਨ ਵਿੱਚ ਭੋਰਾ ਮੈਲ ਨਹੀਂ ਸੀ ਹੁੰਦੀ। ਕਾਪੀ ਮੰਗਣ ਜਾਣਾ ਜਾ ਸਕੂਲ ਦਾ ਕੰਮ ਪੁੱਛਣ ਜਾਣਾ ਹੀ ਬਹਾਨਾ ਹੁੰਦਾ ਸੀ ਮਿਲਣ ਦਾ। ਸਭ ਦਿਲ ਸਾਫ਼ ਦੀਆਂ ਗੱਲਾਂ ਸਨ। ਅੱਜ ਵਾਲੇ ਗੰਦ ਦਾ ਪਤਾ ਹੀ ਨਹੀਂ ਸੀ ਹੁੰਦਾ। ਇੰਨਾ ਪਤਾ ਸੀ ਕਿ ਹਰ ਲੜਕੀ ਭੈਣ ਯ ਭੈਣ ਵਰਗੀ ਹੁੰਦੀ ਹੈ ਤੇ ਮੁੰਡਾ ਵੀਰ। ਘਰਾਂ ਚੋਂ ਲਗਦੀਆਂ ਤਾਈਆਂ ਚਾਚੀਆਂ ਨੇ ਵੀ ਅੰਨ੍ਹਾ ਵਿਸ਼ਵਾਸ ਕਰਕੇ ਇੱਕਲਿਆਂ ਨੂੰ ਕੋਈ ਚੀਜ਼ ਲੈਣ ਲਈ ਸਬਾਤ ਚ ਭੇਜ ਦੇਣਾ। ਬਸ ਉਹਨਾਂ ਦਾ ਵਿਸ਼ਵਾਸ ਤੋੜਨਾ ਤਾਂ ਦੂਰ ਕੋਈ ਸੋਚ ਵੀ ਨਹੀਂ ਸੀ ਆਈ ਕਦੇ। ਧਾਰਮਿਕ ਗ੍ਰੰਥਾਂ ਵਰਗਾ ਪਵਿੱਤਰ ਸੀ ਬਚਪਨ। ਇੱਕ ਦੂਜੇ ਨਾਲ ਖੂਬ ਗੱਲਾਂ ਮਾਰਦੇ ਤੇ ਮੁੰਡੇ ਕੁੜੀਆਂ ਇਕੱਠੇ ਖੇਡਦੇ। ਆਹੀ ਬਾਰਾਂ ਬੀਟੀ ਚੱਪੂ ਵਗੈਰਾ। ਮਜ਼ਾਲ ਹੈ ਕੋਈ ਗਲਤ ਇਸ਼ਾਰਾ ਯ ਗਲਤ ਸੋਚ ਨੇੜੇ ਪਨਪਦੀ। ਲਵ ਇਸ਼ਕ ਮੋਹਬਤਾਂ ਤਾਂ ਕਿਤਾਬੀ ਗੱਲਾਂ ਸਨ ਜੋ ਸੁਣੀਆਂ ਵੀ ਨਹੀਂ ਸਨ। ਹੁਣ ਉਹ ਗੱਲਾਂ ਨਹੀਂ ਰਹੀਆਂ। ਹੁਣ ਸੱਤਵੀਂ ਅੱਠਵੀਂ ਵਿੱਚ ਪੜ੍ਹਦੇ ਲਵ ਮੈਰਿਜ ਦੀਆਂ ਸਲਾਹਾਂ ਕਰਦੇ ਹਨ। ਇਸ ਨਿੱਕੀ ਉਮਰੇ ਦਿਲ ਵੀ ਟੁੱਟ ਜਾਂਦੇ ਹਨ ਤੇ ਫਿਰ ਸਲਫਾਸ, ਫਾਂਸੀ, ਰੇਲਗੱਡੀ, ਨਹਿਰਾਂ ਦੇ ਬਹਾਨੇ ਜਾਨ ਦੇਣ ਦੀਆਂ ਤਰਕੀਬਾਂ ਦਾ ਆਮ ਵਰਤਾਰਾ ਹੈ। ਸ਼ਾਇਦ ਇਹ ਫਿਲਮਾਂ ਮੋਬਾਈਲ ਦੀ ਦੇਣ ਹਨ। ਹੁਣ ਤਾਂ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹਨ।
Comments
Post a Comment