ਅਠਾਰਾਂ ਕੂ ਸਾਲ ਦਾ ਉਹ ਮੁੰਡਾ..
ਢਾਬੇ ਤੋਂ ਕੁਝ ਕੂ ਹਟਵਾਂ ਚੁੱਪ-ਚੁਪੀਤੇ ਗਜਰੇਲਾ ਵੇਚਣਾ ਸ਼ੁਰੂ ਕਰ ਦਿੱਤਾ..ਸਾਈਕਲ ਤੇ ਰੱਖੀ ਟੋਕਰੀ ਤੇ ਉਸ ਵਿਚ ਰੱਖੇ ਭਾਂਡੇ ਤੇ ਨਾਲ ਹੀ ਸਾਰਾ ਕੁਝ..!
ਕੁਝ ਹੀ ਦਿਨਾਂ ਵਿਚ ਸਾਡੇ ਇਥੇ ਗਜਰੇਲੇ ਤੇ ਮਿੱਠੇ ਦੀ ਗ੍ਰਾਹਕੀ ਘਟ ਗਈ..
ਲੋਕ ਰੋਟੀ ਤੇ ਸਾਡੇ ਢਾਬੇ ਤੇ ਖਾਂਦੇ ਪਰ ਗਜਰੇਲਾ ਖਾਣ ਉਚੇਚਾ ਉਸਦੇ ਕੋਲ ਅੱਪੜ ਜਾਂਦੇ..!
ਬੜੀ ਤਕਲੀਫ ਹੋਇਆ ਕਰਦੀ..
"ਮਾਏ" ਆਪਣੇ ਤੋਂ ਅੱਧੀ ਉਮਰ ਦਾ ਜਵਾਕ ਜਿਹਾ ਮੈਨੂੰ ਥੱਲੇ ਲਾ ਗਿਆ..ਤੀਹ ਸਾਲ ਦਾ ਤਜੁਰਬਾ ਮਿੱਟੀ ਕਰ ਗਿਆ!
ਇੱਕ ਦਿਨ ਮੁੰਡੇ ਭੇਜੇ..ਦਬਕਾ ਮਰਵਾਇਆ ਜੇ ਮੁੜ ਇਥੇ ਦਿਸਿਆ ਤਾਂ ਲੱਤਾਂ ਤੁੜਵਾ ਦੇਣੀਆਂ..ਕਾਰਪੋਰੇਸ਼ਨ ਨੂੰ ਆਖ ਸਾਈਕਲ ਹੀ ਚੁਕਵਾ ਦੇਣਾ!
ਉਹ ਡਰ ਗਿਆ..
ਫੇਰ ਥੋੜਾ ਹੋਰ ਹਟਵਾਂ ਖਲੋਣਾ ਸ਼ੁਰੂ ਕਰ ਦਿੱਤਾ..ਪਰ ਮੇਰੀ ਗ੍ਰਾਹਕੀ ਨਾ ਵਧੀ..ਸਗੋਂ ਉਸਦੇ ਦਵਾਲੇ ਲੱਗਦੀ ਭੀੜ ਹੋਰ ਵਧਦੀ ਗਈ!
ਰੋਜ ਮੁੰਡਾ ਭੇਜ ਪਤਾ ਕਰਦਾ ਉਹ ਆਇਆ ਕੇ ਨਹੀਂ..ਮਨ ਵਿਚ ਬੈਠਿਆ ਇਹ ਸਭ ਕੁਝ ਪਤਾ ਨਹੀਂ ਡਰ ਸੀ ਕੇ ਈਰਖਾ..ਕੇ ਸ਼ਾਇਦ ਦੋਵੇਂ!
ਕਈ ਵਾਰ ਸੋਚਦਾ ਸਾਲੇ ਦਾ ਐਕਸੀਡੈਂਟ ਹੀ ਹੋ ਜਾਵੇ..
ਅੱਜ ਸਾਈਕਲ ਤੇ ਵੇਚਦਾ ਏ ਜੇ ਕੱਲ ਨੂੰ ਢਾਬਾ ਖੋਲ ਬਰੋਬਰ ਦੀ ਧਿਰ ਬਣ ਬੈਠਾ ਫੇਰ ਕੀ ਬਣੂੰ..ਪਾਠ ਵਿਚ ਵੀ ਧਿਆਨ ਨਾ ਲੱਗਦਾ!
ਇੱਕ ਦਿਨ ਮੁੰਡੇ ਨੇ ਦੱਸਿਆ ਕੇ ਉਹ ਅੱਜ ਨਹੀਂ ਆਇਆ..ਅਗਲੇ ਦਿਨ ਵੀ ਨਹੀਂ..
ਦਿਲ ਨੂੰ ਠੰਡ ਜਿਹੀ ਪਈ..ਸ਼ੁਕਰ ਏ ਨੱਸ ਗਿਆ ਹੋਣਾ..ਰੱਬ ਕਰੇ ਹੁਣ ਕਦੇ ਵੀ ਨਾ ਆਵੇ..ਪਾਠ ਨੇ ਵੀ ਅਸਰ ਕਰਨਾ ਸ਼ੁਰੂ ਕਰ ਦਿੱਤਾ!
ਇੱਕ ਦਿਨ ਸੈਰ ਕਰਦਿਆਂ ਨਹਿਰ ਦੇ ਕੰਢੇ ਬੈਠਾ ਮਿਲ ਗਿਆ..
ਨਿੱਕੇ ਨਿੱਕੇ ਪੱਥਰ ਜਿਹੇ ਚੁੱਕ ਪਾਣੀ ਅੰਦਰ ਸੁੱਟੀ ਜਾ ਰਿਹਾ ਸੀ..ਕੋਲ ਗਿਆ..ਹੁੱਝ ਮਾਰੀ "ਓਏ ਹੁਣ ਨੀ ਆਉਂਦਾ ਗਜਰੇਲਾ ਵੇਚਣ.."
ਧਿਆਨ ਉਤਾਂਹ ਚੁੱਕਿਆ..ਬੁਰੀ ਹਾਲਤ..ਲੱਗਦਾ ਕਿੰਨੇ ਦਿਨਾਂ ਤੋਂ ਨਹਾਤਾ ਨਹੀਂ ਸੀ..ਅੱਖੀਆਂ ਵਿਚ ਵੀ ਹੰਜੂ..!
ਹੱਥ ਜੁੜ ਗਏ..ਅਖ਼ੇ ਸਰਦਾਰ ਜੀ ਉਸਨੇ ਮੇਰਾ ਸਬ ਕੁਝ ਲੁੱਟ ਲਿਆ..ਦੋ ਮਹੀਨੇ ਦਾ ਕਿਰਾਇਆ ਬਾਕੀ ਸੀ..ਨਾਲੇ ਬਾਪ ਵੀ ਢਿੱਲਾ..ਉਸਨੇ ਸਾਈਕਲ ਰੱਖ ਲਿਆ..ਅਖ਼ੇ ਹਿਸਾਬ ਕਰ ਮਗਰੋਂ ਮਿਲੂ ਇਹ ਸਭ ਕੁਝ..ਰੋਟੀ ਦੇ ਵੀ ਲਾਲੇ ਪੈ ਗਏ ਨੇ..ਨਿੱਕੇ ਨਿੱਕੇ ਭੈਣ ਭਾਈ..ਤੁਸੀਂ ਦੱਸੋ ਹੁਣ ਮੈਂ ਕੀ ਕਰਾ..ਨਹਿਰ ਵਿਚ ਛਾਲ ਵੀ ਨਹੀਂ ਮਾਰ ਸਕਦਾ..ਬਾਕੀਆਂ ਦਾ ਕੀ ਬਣੂੰ.."
ਮਗਰੋਂ ਉਸਤੋਂ ਗੱਲ ਨਹੀਂ ਹੋਈ!
ਮੇਰੇ ਕਾਲਜੇ ਦਾ ਰੁੱਗ ਭਰਿਆ ਗਿਆ..ਸੁੰਨ ਜਿਹਾ ਹੋ ਗਿਆ..ਇਹ ਮੈਥੋਂ ਕੀ ਹੋ ਗਿਆ..ਗਰੀਬ ਮਾਰ ਹੋ ਗਈ..ਹੁਣ ਤੱਕ ਪੜੀ ਸਾਰੀ ਬਾਣੀ ਵੀ ਲਾਹਨਤਾਂ ਪਾਉਂਦੀ ਲੱਗੀ!
ਅੱਜ ਪੂਰੇ ਦੋ ਸਾਲ ਹੋ ਗਏ..
ਮੇਰੇ ਢਾਬੇ ਤੇ ਹੀ ਕੰਮ ਕਰਦੇ ਨੂੰ..ਮੇਰਾ ਅੱਧਾ ਬੋਝ ਘਟ ਗਿਆ ਤੇ ਮੁਨਾਫ਼ਾ ਕਈ ਗੁਣਾਂ ਵੱਧ ਗਿਆ..ਸਾਰੀਆਂ ਜੁੰਮੇਵਾਰੀਆਂ ਵੀ ਓਸੇ ਨੇ ਚੁੱਕ ਲਈਆਂ..!
ਆਪਣੇ ਕੀਤੇ ਨੂੰ ਯਾਦ ਕਰ ਕਈ ਵਾਰ ਸ਼ਰਮਿੰਦਾ ਜਰੂਰ ਹੋ ਜਾਂਦਾ..
ਬਾਪੂ ਜੀ ਚੇਤੇ ਆ ਜਾਂਦਾ..ਆਖਦਾ ਹੁੰਦਾ ਸੀ..ਪੁੱਤਰ ਇਹ ਦੁਨੀਆ ਰੱਬ ਦਾ ਬਣਾਇਆ ਸਮੁੰਦਰ ਏ..ਕਿਸੇ ਹੋਰ ਦੇ ਬਾਲਟੀ ਭਰਿਆ ਕਦੀ ਨੀ ਘਟਦਾ..ਸਗੋਂ ਵਧਦਾ ਈ ਏ..ਸਿਰਫ ਨੀਅਤ ਠੀਕ ਹੋਣੀ ਚਾਹੀਦੀ!
ਪਰ ਇਹ ਮਨ ਦੇ ਵਲਵਲੇ..ਪਤਾ ਨੀ ਕਿਓਂ ਮੱਤ ਤੇ ਪਰਦਾ ਪਾ ਦਿੰਦੇ ਨੇ..!
Comments
Post a Comment