*ੴਬਾਬਾ ਬੰਦਾ ਸਿੰਘ ਬਹਾਦਰੴ
{ਭਾਗ=1}*
"ਬਾਬਾ ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦੀ ਇਕ ਜਬਰਦਸਤ ਬੁਝਾਰਤ ਹੈ। ਨਾ ਉਸ ਜੈਸਾ ਕੋਈ ਜੰਗੀ ਜਰਨੈਲ, ਨਾ ਉਸ ਜੈਸਾ ਕੋਈ ਸ਼ਰਧਾਵਾਨ ਸਿੱਖ। ਉਹ ਜਿਧਰ ਵੀ ਗਿਆ ਇਕ ਤੂਫਾਨ ਦੀ ਤਰ੍ਹਾਂ ਗਿਆ ਸੀ। ਜਿਹੜੇ ਵੀ ਸ਼ਹਿਰ ਨੂੰ ਉਸ ਨੇ ਘੇਰਿਆ ਉਹ ਦੇਖਦਿਆਂ ਹੀ ਦੇਖਦਿਆਂ ਥੇਹ ਦਾ ਰੂਪ ਬਣ ਗਿਆ ਸੀ। ਮੁਗਲ ਸਾਮਰਾਜ ਦਾ ਸਦੀਆ ਤੋ ਸਥਾਪਤ ਸਰਹਿੰਦ ਪਰਾਤ ਕੱਖਾ-ਕਾਨਿਆ ਵਾਂਗ ਉਸ ਦੇ ਹਮਲੇ ਸਾਹਮਣੇ ਰੁੜ੍ਹ ਗਿਆ ਸੀ। ਉਸ ਨੇ ਤਿੰਨ ਬਾਦਸ਼ਾਹਾਂ ਨੂੰ ਵਖਤ ਪਾ ਕੇ ਰੱਖਿਆ ਸੀ। ਫਿਰ ਜਦੋਂ ਪਕੜੇ ਜਾਣ ਦੀ ਸੂਰਤ ਵਿੱਚ ਉਸ ਨੂੰ ਸ਼ਹਾਦਤ ਦੇਣ ਦੀ ਲੋੜ ਪਈ ਤਾਂ ਸ਼ਹਾਦਤ ਵੀ ਐਸੀ ਸੀ ਕਿ ਸਭ ਦੇ ਮੂੰਹਾਂ ਵਿਚ ਉਂਗਲਾਂ ਪੁਆ ਦਿੱਤੀਆਂ ਸਨ। ਨਾ ਦੁੱਖ ਦੀ ਪਰਵਾਹ, ਨਾ ਪਰਿਵਾਰ ਦੀ ਤੇ ਨਾ ਹੀ ਮਾਸੂਮ ਪੁੱਤਰ ਦੀ । ਜੇ ਪਰਵਾਹ ਸੀ ਤਾਂ ਕੇਵਲ ਤੇ ਕੇਵਲ ਗੁਰੂ ਦੇ ਨਾਂ ਦੀ ਅਤੇ ਆਪਣੇ ਸਿੱਖੀ ਸਿਦਕ ਦੀ*
*ਪਰ ਇਤਨੇ ਮਹਾਨ ਨੇਤਾ ਦੇ ਇਤਿਹਾਸ ਬਾਰੇ ਭੁਲੇਖੇ ਵੀ ਇਤਨੇ ਹਨ ਕਿ ਗਿਣਤੀ ਹੀ ਨਹੀਂ ਹੁੰਦੀ। ਇਤਨੇ ਆਪਾ-ਵਿਰੋਧੀ ਇਤਿਹਾਸਕ ਵੇਰਵੇ ਲਿਖੇ ਗਏ ਹਨ ਕਿ ਮਨ ਦੁਬਿਧਾ ਵਿੱਚ ਪੈ ਜਾਂਦਾ ਹੈ। ਕੋਈ ਕਹਿੰਦਾ ਹੈ ਕਿ ਉਹ ਪਹਿਲਾਂ ਸਾਧ ਸੀ, ਕੋਈ ਕਹਿੰਦਾ ਹੈ ਕਿ ਉਹ ਜੰਤਰਾਂ ਮੰਤਰਾ ਵਾਲਾ ਕੋਈ ਸਿੱਧ ਸੀ, ਕੋਈ ਕਹਿੰਦਾ ਹੈ ਕਿ ਉਹ ਗਿਆਰ੍ਹਵਾਂ ਗੁਰੂ ਬਣ ਬੈਠਾ ਸੀ ਅਤੇ ਖਾਲਸਾ ਪੰਥ ਨਾਲ ਵੈਰ ਸਹੇੜ ਬੈਠਾ ਸੀ ਪਰ ਜਦੋਂ ਇਨ੍ਹਾਂ ਗੱਲਾਂ ਨੂੰ ਬੰਦਾ ਸਿੰਘ ਦੀ ਸ਼ਹਾਦਤ ਨਾਲ ਮੇਲ ਕੇ ਦੇਖਦੇ ਹਾਂ ਤਾਂ ਇਹ ਗੱਲਾਂ ਆਪਣੇ-ਆਪ ਹੀ ਰੱਦ ਹੋ ਜਾਂਦੀਆਂ ਹਨ।।
ਅਸਲ ਵਿਚ ਇਤਨਾ ਮਹਾਨ ਸੂਰਮੇ ਅਤੇ ਬਲੀਦਾਨੀ ਦੇ ਸੰਬੰਧ ਵਿੱਚ ਇਤਨੇ ਭੁਲੇਖੇ ਪੈਣ ਦਾ ਕਾਰਣ ਹੈ ਸਾਡੀ ਆਪਣੀ ਬੇਸਮਝੀ!! ਅਸੀਂ ਇਤਨੇ ਛੋਟੇ ਬੰਦੇ ਹਾ ਕਿ ਅਸੀਂ ਉਸ ਬੁਲੰਦੀ ਨੂੰ ਮਾਪ ਹੀ ਨਹੀਂ ਸਕੇ ਜਿਥੇ ਬਾਬਾ ਬੰਦਾ ਸਿੰਘ ਪਹੁੰਚ ਚੁੱਕਿਆ ਸੀ। ਅਸੀਂ ਉਸ ਦੀ ਹਰ ਪਰਾਪਤੀ ਨੂੰ ਕਰਾਮਾਤ ਜਾਂ ਜਾਦੂ ਬਣਾ ਦਿੱਤਾ ਹੈ। ਜਿਸ ਬੁਲੰਦੀ ਤੇ ਬਾਬਾ ਬੰਦਾ ਸਿੰਘ ਬਹਾਦਰ ਪਹੁੰਚ ਚੁੱਕਿਆ ਸੀ ਉਸ ਬੁਲੰਦੀ ਉੱਪਰ ਕਿਸੇ ਦਾ ਤਾਂ ਕੀ ਕਿਸੇ ਦੀ ਸੋਚ ਵੀ ਉਥੇ ਤਕ ਨਹੀਂ ਜਾ ਸਕਦੀ। ਜਿਸ ਬੁਲੰਦੀ ਤੇ ਅਸੀਂ ਜਾ ਹੋਰ ਖੁਦ ਚੜ੍ਹਨ ਤੋਂ ਅਸਮਰੱਥ ਹਨ ਉਸ ਉੱਤੇ ਪਹੁੰਚੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਸੀਂ ਆਨੀ ਬਹਾਨੀ ਨੀਵਾਂ ਕਰਕੇ ਦੇਖਣਾ ਚਾਹੁੰਦੇ ਹਾਂ। ਜਦੋਂ ਸਾਡੇ ਅਕਲੋ ਖਾਲੀ ਹੀ ਲੇਖਕ ਇਹ ਕਹਿੰਦੇ ਹਨ ਕਿ ਉਹ ਇਕ ਸ਼ਰਾਰਤੀ ਤੇ ਹੰਕਾਰੀ ਸਾਧ ਸੀ ਜਾ ਉਸ ਨੇ ਅੰਮਿ੍ਤ ਨਹੀ ਛਕਿਆ ਸੀ ਜਾ ਉਸ ਨੇ ਆਪਣੇ ਆਪ ਨੂੰ ਗੁਰੂ ਅਖਵਾਉਣਾ ਸ਼ੁਰੂ ਕਰ ਦਿੱਤਾ ਸੀ, ਇਸ ਦਾ ਮਤਲਬ ਹੈ ਕਿ ਅਸੀਂ ਆਪਣੀ ਨਾਸਮਝੀ ਕਾਰਨ ਉਸ ਦੀ ਉੱਚੀ ਸ਼ਾਨ ਨੂੰ ਅਤੇ ਉਸ ਦੀਆਂ ਮਹਾਨ ਪਰਾਪਤੀਆਂ ਨੂੰ ਘਟਾ ਕੇ ਦੇਖਣਾ ਚਾਹੁੰਦੇ ਹਾਂ।।
ਬਾਬਾ ਬੰਦਾ ਸਿੰਘ ਬਹਾਦਰ ਦਾ ਸਹੀ ਮੁਲੰਕਣ ਕਰਨ ਲਈ ਜਰੂਰੀ ਹੈ ਕਿ ਅਸੀਂ ਉਸ ਨੂੰ ਕੇਵਲ ਤੇ ਕੇਵਲ ਇਕ ਗੁਰੂ ਦਾ ਸਿੱਖ ਮੰਨ ਕੇ ਹੀ ਚੱਲੀਏ। ਬਾਬਾ ਬੰਦਾ ਸਿੰਘ ਬਹਾਦਰ ਜਦੋਂ ਦਾ ਅੰਮਿ੍ਤ ਛੱਕ ਕੇ ਖਾਲਸਾ ਪੰਥ ਵਿੱਚ ਸ਼ਾਮਲ ਹੋ ਗਿਆ ਸੀ ਸਿੱਖ ਇਤਿਹਾਸ ਦਾ ਸੰਬੰਧ ਉਸ ਨਾਲ ਕੇਵਲ ਤੇ ਕੇਵਲ ਉਸੇ ਸਮੇਂ ਤੋਂ ਹੀ ਹੈ। ਖਾਲਸਾ ਰਹਿਤ ਵਿਚ ਆਉਣਾ ਤੋਂ ਪਹਿਲਾ ਉਹ ਕੀ ਸੀ ਜਾਂ ਕੀ ਨਹੀਂ ਸੀ। ਇਸ ਨਾਲ ਸਿੱਖ ਇਤਿਹਾਸ ਦਾ ਕੋਈ ਸੰਬੰਧ ਨਹੀਂ ਹੈ। { ਜਿਵੇਂ ਅਸੀਂ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦਾ ਜੀਵਨ ਬਿਰਤਾਂਤ ਸਿਰਫ ਉਥੋ ਹੀ ਸ਼ੁਰੂ ਕਰਦੇ ਹਾਂ, ਜਿਥੋ ਕਿ ਉਹ ਸਿੱਖ-ਰਹਿਤ ਵਿਚ ਸ਼ਾਮਲ ਹੋਏ ਸਨ} ਕਿਸੇ ਸਿੱਖ ਨੇ ਜਾ ਸਿੱਖ ਜਗਤ ਨੇ ਅਜੇ ਤਕ ਉਕਤ ਗੁਰੂ ਸਾਹਿਬਾਨ ਦੀ ਕਿਸੇ ਐਸੀ ਯਾਦਗਰ ਨੂੰ ਸੰਭਾਲ ਕੇ ਨਹੀ ਰੱਖਿਆ ਜਿਹੜੀ ਉਨ੍ਹਾਂ ਦੇ ਸਿੱਖੀ ਰਹਿਤ ਵਿਚ ਆਉਣ ਤੋਂ ਪਹਿਲਾ ਦੇ ਜੀਵਨ ਨਾਲ ਸੰਬੰਧਤ ਹੋਵੇ।ਸੱਜਣ ਠੱਗ ਅਤੇ ਭਾਈ ਬਿਧੀ ਚੰਦ ਜੈਸੇ ਵਿਅਕਤੀ ਵੀ ਸਿੱਖੀ ਰਹਿਤ ਵਿਚ ਆਉਣ ਤੋਂ ਪਹਿਲਾਂ ਕਿਹੋ ਜਿਹੇ ਸਨ ਜਾ ਕਿਹੋਂ ਜਿਹਾ ਜੀਵਨ ਬਤੀਤ ਕਰ ਰਹੇ ਸਨ ਸਿੱਖ ਇਤਿਹਾਸ ਦਾ ਜਾ ਸਿੱਖ ਸਮਾਜ ਦਾ ਇਸ ਨਾਲ ਉੱਕਾ ਹੀ ਕੋਈ ਸੰਬੰਧ ਨਹੀਂ ਹੈ। ਸਿੱਖ ਇਤਿਹਾਸ ਵਿੱਚ ਇਨ੍ਹਾਂ ਦੀ ਥਾ ਕੇਵਲ ਕੇ ਕੇਵਲ ਉਦੋਂ ਬਣਨੀ ਸ਼ੁਰੂ ਹੋਈ ਸੀ ਜਦੋਂ ਤੋਂ ਉਹ ਸਿੱਖੀ ਰਹਿਤ ਵਿਚ ਸ਼ਾਮਲ ਹੋਏ ਸਨ। ਬਿਲਕੁਲ ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਬਿਰਤਾਂਤ ਵੀ ਸਿੱਖ ਇਤਿਹਾਸ ਵਿਚ ਉਸ ਸਮੇਂ ਤੋਂ ਹੀ ਸ਼ੁਰੂ ਹੁੰਦਾ ਹੈ ਜਿਸ ਸਮੇਂ ਤੇ ਉਹ ਖਾਲਸਾ ਰਹਿਤ ਮਰਯਾਦਾ ਵਿਚ ਸ਼ਾਮਲ ਹੋਇਆ ਸੀ।।
ਇਹ ਖਾਲਸਾ ਰਹਿਤ ਮਰਯਾਦਾ ਦਾ ਵਿਸ਼ਵਾਸ ਭਰਿਆ ਸਿਧਾਤ ਹੈ ਕਿ ਅੰਮਿ੍ਤ ਛੱਕਣ ਤੋਂ ਬਾਅਦ ਅੰਮਿ੍ਤਧਾਰੀ ਵਿਅਕਤੀ ਦਾ ਪਹਿਲਾ ਜੀਵਨ ਹਰ ਪੱਖੋਂ ਖਤਮ ਹੋ ਜਾਂਦਾ ਹੈ। {ਇਸ ਗੱਲ ਨੂੰ ਅਸੀਂ ਇਨ੍ਹਾਂ ਸ਼ਬਦਾਂ ਰਾਹੀਂ =ਕੁਲ ਨਾਸ, ਧਰਮ ਨਾਸ, ਕਿਰਤ ਨਾਸ, ਕਰਮ ਨਾਸ -ਸੰਖੇਪ ਰੂਪ ਵਿਚ ਦਰਸਾ ਸਕਦੇ ਹਾਂ।} ਅੰਮਿ੍ਤ ਛੱਕਣ ਤੋਂ ਪਿੱਛੋ ਅੰਮਿ੍ਤਧਾਰੀ ਵਿਆਕਤੀ ਦਾ ਪੁਰਾਣਾ ਨਾਂ ਬਦਲ ਕੇ ਨਵਾਂ ਰੱਖਿਆ ਜਾਂਦਾ ਸੀ, ਇਹ ਉਸ ਦੇ ਨਵੇਂ ਜੀਵਨ ਦਾ ਪਰਤੀਕ ਸੀ। ਖਾਲਸਾ ਸਾਜੇ ਜਾਣ ਸਮੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੇ ਸੀਸ ਲਾਹੇ ਸਨ ਤਾਂ ਇਹ ਗੱਲ ਵੀ ਇਸੇ ਧਾਰਨਾ ਦੀ ਪਰਤੀਕ ਹੈ ਕਿ ਅੰਮਿ੍ਤ ਛਕਣ ਤੋਂ ਬਾਅਦ ਪੰਜ ਪਿਆਰਿਆਂ ਦਾ ਪਹਿਲਾ ਜੀਵਨ ਖਤਮ ਹੋ ਕੇ ਨਵਾਂ ਜੀਵਨ ਸ਼ੁਰੂ ਹੋਇਆ ਸੀ।।
ਅੰਮਿ੍ਤ ਛਕਣ ਤੋਂ ਪਿੱਛੋਂ ਅੰਮਿ੍ਤਧਾਰੀ ਵਿਆਕਤੀ ਕਿਸੇ ਜਾਤ, ਧਰਮ, ਜਾ ਪਰਿਵਾਰ ਨਾਲ ਸੰਬੰਧਤ ਨਹੀਂ ਰਹਿੰਦਾ ਸਗੋਂ ਉਹ ਕੇਵਲ ਤੇ ਕੇਵਲ ਗੁਰੂ ਨਾਲ ਸੰਬੰਧਿਤ ਹੁੰਦਾ ਹੈ। ਉਸ ਦਾ ਪਰਿਵਾਰ ਵੀ ਅਤੇ ਉਸ ਦਾ ਸਮਾਜ ਵੀ ਕੇਵਲ ਤੇ ਕੇਵਲ ਖਾਲਸਾ ਹੁੰਦਾ ਹੈਂ। ਉਸ ਦਾ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਉਸ ਦੀ ਮਾਤਾ, ਸਾਹਿਬ ਕੌਰ ਹੁੰਦੀ ਹੈ। ਇਹ ਸਭ ਕੁਝ ਉਸ ਦੇ ਨਵੇਂ ਜੀਵਨ ਨੂੰ ਦਰਸਾਉਣ ਵਾਲਾ ਹੈ। ਬਾਬਾ ਬੰਦਾ ਸਿੰਘ ਬਹਾਦਰ ਅੰਮਿ੍ਤ ਛਕਣ ਤੋਂ ਬਾਅਦ ਕੇਵਲ ਤੇ ਕੇਵਲ ਗੁਰੂ ਦਾ ਖਾਲਸਾ ਸੀ। ਉਸ ਸਮੇਂ ਦੀਆਂ ਸਰਕਾਰੀ ਖਬਰਾਂ ਵਿਚ ਵੀ ਉਸ ਨੂੰ "ਗੁਰੂ ਦਾ ਬੰਦਾ" ਕਹਿ ਕੇ ਹੀ ਸੰਬੋਧਨ ਕੀਤਾ ਜਾਦਾ ਸੀ। ਇਸ ਤੱਥ ਦੇ ਸਾਹਮਣੇ ਕਿਸੇ ਰਾਜਪੂਤ ਪਰਿਵਾਰ ਦੀ ਗੱਲ, ਕਿਸੇ ਸਾਧ ਬਣਨ ਦੀ ਗੱਲ, ਜਾ ਕਿਸੇ ਬੈਰਾਗੀ ਜਾ ਰਿਧੀਆਂ ਸਿੱਧੀਆਂ ਪਰਾਪਤ ਕਰਨ ਵਾਲੇ ਹਠੀ ਯੋਗੀ ਦੀ ਗੱਲ, ਕੋਈ ਮਾਅਣੇ ਨਹੀ ਰੱਖਦੀ।।
ਬਾਬਾ ਬੰਦਾ ਸਿੰਘ ਬਹਾਦਰ ਦੇ ਮੁਢਲੇ ਜੀਵਨ ਬਾਰੇ ਇਕ ਗੱਲ ਇਹ ਵੀ ਹੈ ਕਿ ਇਸ ਬਾਰੇ ਜਾਣਕਾਰੀ ਕਿਸੇ ਭਰੋਸੇਯੋਗ ਲਿਖਤ ਤੋਂ ਨਹੀ ਮਿਲਦੀ। ਜੇਕਰ ਇਹ ਜਾਣਕਾਰੀ ਕਿਸੇ ਭਰੋਸੇਯੋਗ ਲਿਖਤ ਤੋਂ ਮਿਲਦੀ ਹੁੰਦੀ ਤਾਂ ਵੀ ਇਸ ਦੀ ਕੋਈ ਸਾਰਥਿਕਤਾ ਹੋ ਸਕਦੀ ਸੀ। ਮੁੱਢਲੇ ਜੀਵਨ ਬਾਰੇ ਜੋ ਵੀ ਜਾਣਕਾਰੀ (ਉਹ ਵੀ ਚਲੰਤ ਜਿਹੀ) ਮਿਲਦੀ ਹੈ, ਉਹ ਸਭ ਤੋਂ ਪਹਿਲਾ, ਸਿਰਫ ਭਾਈ ਕੇਸਰ ਸਿੰਘ ਛਿੱਬਰ ਦੀ ਲਿਖਤ ਤੋਂ ਹੀ ਮਿਲਦੀ ਹੈ ਅਤੇ ਇਹ ਗੱਲਾਂ ਛਿੱਬਰ ਦੀ ਲਿਖਤ ਵਿਚ ਨਹੀ ਹਨ। ਛਿੱਬਰ ਦੀ ਲਿਖਤ 1769 ਈ ਦੀ ਹੈ, ਇਸ ਤਰ੍ਹਾਂ ਇਹ ਵੀ ਸਮਕਾਲੀ ਲਿਖਤ ਨਹੀ ਹੈ। ਛਿੱਬਰ ਦੀ ਲਿਖਤ ਤੋਂ ਪਹਿਲਾਂ ਦੀ ਕਿਸੇ ਵੀ ਗੁਰਮੁਖੀ ਦੀ ਲਿਖਤ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਮੁੱਢਲੇ ਜੀਵਨ ਬਾਰੇ ਕੁਝ ਵੀ ਨਹੀਂ ਮਿਲਦਾ। ਜੋ ਕੁਝ ਕਰਮ ਸਿੰਘ ਹਿਸਟੋਰੀਅਨ ਅਤੇ ਡਾ ਗੰਡਾ ਸਿੰਘ ਨੇ ਇਸ ਮਹਾਨ ਖਾਲਸੇ ਦੇ ਨੇਤਾ ਦੇ ਮੁੱਢਲੇ ਅਤੇ ਗੈਰ-ਸਿੱਖ ਜੀਵਨ ਬਾਰੇ ਲਿਖਿਆ ਹੈ ਉਹ ਪਤਾ ਨਹੀਂ ਕਿੱਥੋ ਲਿਆ ਗਿਆ ਹੈ, ਇਹ ਸਭ ਕੁਝ ਕਿਸੇ ਵੀ ਸਮਕਾਲੀ ਜਾਂ ਨਿਕਟ-ਸਮਕਾਲੀ ਲਿਖਤ ਵਿਚ ਨਹੀ ਹੈ, ਕਰਮ ਸਿੰਘ ਬਾਰੇ ਤਾਂ ਇਹ ਸੋਚਿਆ ਜਾ ਸਕਦਾ ਹੈ ਕਿ ਉਹ ਕੋਈ ਤਜਰਬੇਦਾਰ ਹਿਸਟੋਰੀਅਨ ਨਹੀ ਸਨ ਪਰ ਸਮਝ ਨਹੀਂ ਆਉਦੀ ਕਿ ਡਾ ਗੰਡਾ ਸਿੰਘ ਜੈਸੇ ਗੰਭੀਰ ਕਿਸਮ ਦੇ ਇਤਿਹਾਸਕਾਰ ਨੇ ਇਹ ਮਨਘੜਤ ਜਾ ਬੇਭਰੋਸੇਯੋਗ ਗੱਲਾ ਕਿਵੇ ਆਪਣੀ ਲਿਖਤ ਵਿੱਚ ਸ਼ਾਮਲ ਕਰ ਲਈਆਂ ਹਨ!! {ਬਾਕੀ ਅਗਲੇ ਭਾਗ ਵਿੱਚ}*
*ਅਕਾਲ ਸਹਾਇ*
Comments
Post a Comment