#ਪ੍ਰਸਿੰਨੀ_ਤੋਂ_ਪਰੀਸ਼ਾ ਤੱਕ
ਪ ਸ਼ਬਦ ਨਾਲ ਪ੍ਰੇਮ ਪਿਆਰ ਪਰਮਾਤਮਾ ਪੁੰਨ ਵਰਗੇ ਸ਼ਬਦ ਹੀ ਸ਼ੁਰੂ ਨਹੀਂ ਹੁੰਦੇ ਸਗੋਂ ਪੁੱਤਰ ਪੁੱਤਰੀ ਪਿਓ ਪਾਪਾ ਵਰਗੇ ਅਨਮੋਲ ਰਿਸ਼ਤਿਆਂ ਦੇ ਸ਼ਬਦ ਬਣਦੇ ਹਨ। ਅਜਿਹੇ ਪਿਆਰੇ ਰਿਸ਼ਤਿਆਂ ਦੇ ਨਾਮ ਵੀ ਜਦੋ ਪ ਤੋਂ ਸ਼ੁਰੂ ਹੁੰਦੇ ਹੋਣ ਤਾਂ ਰਿਸ਼ਤੇ ਹੋਰ ਵੀ ਪਿਆਰੇ ਹੋ ਜਾਂਦੇ ਹਨ। ਪਰ ਮੇਰੇ ਤਾਂ ਬਹੁਤੇ ਰਿਸ਼ਤੇ ਹੀ ਪ ਅੱਖਰ ਨਾਲ ਜੁੜੇ ਹੋਏ ਹਨ। ਪ੍ਰਸਿੰਨੀ ਪੁਸ਼ਪਾ ਪਰਮ ਤੇ ਪਰੀਸਾ।
ਸਭ ਤੋਂ ਪਹਿਲਾਂ ਮੈਂ ਜਿਸ ਔਰਤ ਦੀ ਗੋਦੀ ਵਿੱਚ ਬੈਠਾ ਉਹ ਮੇਰੇ ਨਾਨੀ ਜੀ ਸਨ ਤੇ ਉਹਨਾਂ ਦਾ ਨਾਮ ਪ੍ਰਸਿੰਨੀ ਦੇਵੀ ਸੀ। ਉਹ ਸਕਤੇਖੇੜੇ ਵਾਲੇ ਗੁੜਵਾੜੀਆਂ ਯਾਨੀ ਗਰੋਵਰਾਂ ਦੀ ਧੀ ਸੀ। ਮੇਰੀ ਨਾਨੀ ਜੀ ਦਾ ਨਾਮ ਚਲਦਾ ਸੀ ਉਹ ਇੱਕ ਸੁਗੜ ਸਿਆਣੀ ਔਰਤ ਸੀ। ਕਹਿੰਦੇ ਮੇਰੇ ਦਾਦਾ ਜੀ ਨੇ ਮੇਰੇ ਨਾਨਕਿਆਂ ਨਾਲ ਇਹ ਰਿਸ਼ਤੇਦਾਰੀ ਸਿਰਫ ਇਸ ਲਈ ਹੀ ਪਾਈ ਸੀ। ਕਿਉਂਕਿ ਉਹ ਜਾਣਦੇ ਸਨ ਕਿ ਬਿਨਾਂ ਮਾਲਕਿਨ ਵਾਲੇ ਪਰਿਵਾਰ ਨੂੰ ਪ੍ਰਸਿੰਨੀ ਦੇਵੀ ਦੀ ਧੀ ਹੀ ਸੰਭਾਲ ਸਕਦੀ ਹੈ। ਕਿਉਂਕਿ ਮੇਰੇ ਦਾਦੀ ਜੀ ਬਹੁਤ ਪਹਿਲਾਂ ਰੁਖਸਤ ਹੋ ਚੁਕੇ ਸਨ। ਪਰ ਮੈਨੂੰ ਮੇਰੀ ਨਾਨੀ ਦਾ ਪਿਆਰ ਸਿਰਫ ਦੋ ਕੁ ਸਾਲ ਹੀ ਮਿਲਿਆ। ਫਿਰ ਮੇਰੇ ਪਾਲਣ ਪੋਸ਼ਣ ਦੀ ਪੂਰੀ ਜਿੰਮੇਵਾਰੀ ਮੇਰੀ ਮਾਂ ਦੇ ਹੱਥਾਂ ਵਿੱਚ ਸੀ ਤੇ ਉਸਦਾ ਨਾਮ ਵੀ ਪ ਅੱਖਰ ਤੋਂ ਸ਼ੁਰੂ ਹੁੰਦਾ ਸੀ ਪੁਸ਼ਪਾ ਰਾਣੀ। ਭਾਵੇਂ ਮੇਰੀ ਮਾਂ ਨਿਰੋਲ ਅਨਪੜ੍ਹ ਸੀ। ਪਰ ਉਸਦੇ ਖ਼ੁਆਬ ਊਚੇ ਸੀ। ਰਾਤੀ ਸੌਣ ਤੋਂ ਪਹਿਲਾਂ ਮੈਨੂੰ ਪਹਾੜੇ ਸਿਖਾਉਂਦੀ। ਉਸ ਨੇ ਮੈਨੂੰ ਕਿਸੇ ਕੋਰਸ ਵੱਲ ਨਹੀਂ ਭੇਜਿਆ ਕਿਉਂਕਿ ਉਹ ਮੈਨੂੰ 14 ਜਮਾਤਾਂ ਪਾਸ ਕਰਾਉਣੀਆ ਚਾਹੁੰਦੀ ਸੀ। ਮੈਨੂੰ ਗਰੈਜੂਏਸ਼ਨ ਕਰਾਉਣਾ ਉਸਦੀ ਰੀਝ ਸੀ। ਉਸਨੇ ਮੈਨੂੰ ਬੀ ਕਾਮ ਕਰਵਾਈ। ਮੇਰੇ ਪਾਪਾ ਜੀ ਇੱਕ ਪਟਵਾਰੀ ਤੋਂ ਨਾਇਬ ਤਹਿਸੀਲਦਾਰ ਬਣੇ ਤੇ ਉਸਨੇ ਹਰ ਮੌਕੇ ਓਹਨਾ ਦਾ ਸਾਥ ਦਿੱਤਾ। ਮੌਕੇ ਅਨੁਸਾਰ ਉਸਨੇ ਆਪਣੇ ਆਪ ਨੂੰ ਬਦਲਿਆ। ਅਨਪੜ੍ਹਾਂ ਦੀ ਸੰਗਤ ਤੋ ਪੜ੍ਹੇ ਲਿਖੇ ਸਮਾਜ ਦਾ ਹਿੱਸਾ ਬਣੀ। ਆਪਣੇ ਆਪ ਨੂੰ ਪੈਂਡੂ ਤੋਂ ਸ਼ਹਿਰੀ ਰਹਿਣ ਸਹਿਣ ਵੱਲ ਢਾਲਿਆ। ਪਾਪਾ ਜੀ ਦੇ ਜਾਣ ਤੋਂ ਬਾਦ ਨੌ ਸਾਲ ਤੱਕ ਮਾਂ ਦੇ ਨਾਲ ਇੱਕ ਬਾਪ ਦੇ ਫਰਜ਼ ਨਿਭਾਏ।
ਆਖਿਰ ਉਹ ਪ੍ਰਸਿੰਨੀ ਦੀ ਧੀ ਸੀ। ਫਿਰ ਮਾਂ ਦੇ ਗੁਣਾਂ ਦਾ ਅਸਰ ਤਾਂ ਹੋਣਾ ਹੀ ਸੀ।
ਮੇਰੀ ਭੈਣ ਪਰਮਜੀਤ ਦਾ ਨਾਮ ਵੀ ਉਸੇ ਪ ਸ਼ਬਦ ਤੋਂ ਸ਼ੁਰੂ ਹੁੰਦਾ ਹੈ। ਆਪਣੇ ਦਾਦੇ ਦੀ ਇਕਲੌਤੀ ਲਾਡਲੀ ਪੋਤੀ ਸਾਡੇ ਦੋ ਘਰਾਂ ਦੀ ਧੀ ਹੈ। ਸ਼ੁਰੂ ਤੋਂ ਹੀ ਲਾਡਲੀ ਰੱਖੀ ਮੇਰੇ ਪਾਪਾ ਨੇ। ਮੇਰੀ ਮਾਂ ਨੇ ਕੰਮਾਂ ਦੀ ਗੁੜਤੀ ਦਿੱਤੀ। ਜੇ ਮਾਂ ਤਹਿਸ਼ੀਲਦਾਰਨੀ ਸੀ ਤਾਂ ਧੀ ਨੇ ਆਪਣਾ ਜੀਵਨ ਜਿਲੇਦਾਰਨੀ ਤੋਂ ਸ਼ੁਰੂ ਕੀਤਾ। ਫਿਰ ਡਿਪਟੀ ਕੁਲੈਕਟਰ ਦੇ ਘਰ ਦੀ ਮਾਲਿਕਣ ਅਖਵਾਉਣ ਦਾ ਮਾਣ ਮਿਲਿਆ। ਭਾਵੇ ਛੋਟੀ ਉਮਰੇ ਸਾਰੀ ਜਿੰਮੇਦਾਰੀ ਆਪਣੇ ਸਿਰ ਪੈ ਗਈ। ਪਰ ਗੁਰੂ ਤੇ ਵਿਸ਼ਵਾਸ ਸਦਕਾ ਡੋਲੀ ਨਹੀਂ। ਇਹ ਉਸਦਾ ਸਿਦਕ ਹੀ ਹੈ। ਸਾਡੇ ਤਿੰਨ ਘਰਾਂ ਚ ਸਭ ਤੋਂ ਵੱਡੀ ਤੇ ਸਿਆਣੀ ਹੋਣ ਕਰਕੇ ਹਰ ਪਰਿਵਾਰ ਦਾ ਫਿਕਰ ਕਰਦੀ ਹੈ। ਜੇ ਸੁੱਖ ਵੇਲੇ ਮੂਹਰੇ ਹੁੰਦੀ ਹੈ ਤਾਂ ਦੁੱਖ ਵੇਲੇ ਹੌਸਲਾ ਵੀ ਉਹੀ ਦਿੰਦੀ। ਪਿਆਰ ਤੇ ਪ੍ਰਮਾਤਮਾ ਤੇ ਭਰੋਸਾ ਕਰਨ ਵਾਲੀ ਪਰਮਜੀਤ ਨੂੰ ਪ੍ਰਸਿੰਨੀ ਦੀ ਦੋਹਤੀ ਤੇ ਪੁਸ਼ਪਾ ਦੀ ਧੀ ਹੋਣ ਕਰਕੇ ਬਹੁਤ ਫਾਇਦਾ ਹੋਇਆ ਹੈ।
ਹੁਣ ਗੱਲ ਪਰੀਸਾ ਦੀ ਕਰਦੇ ਹਾਂ। ਪਰਮਜੀਤ ਤੋਂ ਠੀਕ ਸੱਠ ਸਾਲ ਬਾਅਦ ਸਾਡੇ ਪਰਿਵਾਰ ਵਿੱਚ ਜਨਮ ਲੈਣ ਵਾਲੀ ਮੇਰੀ ਪੋਤੀ ਨੂੰ ਅਸੀਂ ਸੌਗਾਤ ਯ ਸੱਗੂ ਆਖਦੇ ਹਾਂ। ਪਰ ਇਸਦਾ ਪੱਕਾ ਨਾਮ ਪਰੀਸ਼ਾ ਹੈ। ਯਾਨੀ ਪਰੀ ਸੀ ਪਰੀ ਜੈਸੀ। 29 ਮਾਰਚ 2019 ਨੂੰ ਜੰਮੀ ਪਰੀਸ਼ਾ ਨੇ ਇੱਕ ਭਵਿੱਖ ਸਿਰਜਣਾ ਹੈ। ਜੇ ਇਹ ਦਾਦਕਿਆਂ ਦੀ ਇਕਲੌਤੀ ਪੋਤੀ ਹੈ ਤਾਂ ਨਾਨਕਿਆਂ ਦੀ ਇਕਲੌਤੀ ਦੋਹਤੀ ਵੀ ਹੈ। ਇਸ ਤਰਾਂ ਨਾਲ ਪ ਅੱਖਰ ਪ੍ਰੇਮ ਪਿਆਰ ਦਾ ਪ੍ਰਤੀਕ ਬਣਿਆ ਹੈ। 25 ਅਕਤੂਬਰ 2020 ਨੂੰ ਪ੍ਰਮਾਤਮਾ ਦੀ ਕ੍ਰਿਪਾ ਨਾਲ ਮੇਰੀ ਛੋਟੀ ਬੇਟੀ Pratima Mureja ਨੇ ਮੇਰੇ ਘਰੇ ਆਪਣਾ ਪਹਿਲਾ ਕਦਮ ਟਿਕਾਇਆ। ਚਾਹੇ ਪ੍ਰਤਿਮਾ ਮੇਰੀ ਇੱਕ ਸਤੰਬਰ ਨੂੰ ਹੀ ਮੇਰੀ ਬੇਟੀ ਬਣ ਗਈ ਸੀ। ਸਮਾਜ ਸੇਵਾ ਨੂੰ ਆਪਣਾ ਧਰਮ ਮੰਨਣ ਵਾਲੀ ਪ੍ਰਤਿਮਾ ਚਾਹੇ ਸਰਕਾਰੀ ਨੌਕਰੀ ਵਿੱਚ ਵੀ ਹੈ ਪਰ ਫਿਰ ਵੀ ਸਮਾਜ ਸੇਵਾ ਲਈ ਸਮਾਂ ਕੱਢ ਹੀ ਲੈਂਦੀ ਹੈ। ਇਸ ਤਰ੍ਹਾਂ ਇਹ ਵੀ ਪ ਅੱਖਰ ਦਾ ਕਮਾਲ ਹੈ।
(ਇਸੇ ਪ ਅੱਖਰ ਤੋਂ ਮੇਰੀ ਹਮਸਫਰ ਦੀ ਜਨਮ ਦਾਤੀ ਅਤੇ ਮੇਰੇ ਬੱਚਿਆਂ ਦੀ ਨਾਨੀ ਜੀ ਦਾ ਨਾਮ ਵੀ ਬਣਦਾ ਹੈ ਪੂਰਨਾ ਦੇਵੀ ਜਿਸ ਨੂੰ ਸਾਰੇ ਬੀਜੀ ਹੀ ਆਖਦੇ ਸਨ। ਮੰਡੀ ਡੱਬਵਾਲੀ ਲਾਗੇ ਪਿੰਡ ਗੱਗੜ ਦੀ ਜੰਮਪਲ ਸ੍ਰੀ ਮੁਨਸ਼ੀ ਰਾਮ ਬੱਬਰ ਦੀ ਧੀ ਸੀ। ਉਸ ਦਾ ਆਪਣੀ ਮਾਂ ਨਾਲ ਬੇਹੱਦ ਲਗਾਵ ਰਿਹਾ। ਮਾਲਵੇ ਦੀਆਂ ਰੀਤਾਂ ਅਨੁਸਾਰ ਮਾਵਾਂ ਧੀਆਂ ਹਰ ਰਸਮਾਂ ਪੂਰੀਆ ਕਰਦੀਆਂ। ਚਾਹੇ ਧੀ ਘਰੇ ਕਿੰਨੀ ਹੀ ਸਰਦਾਰੀ ਹੋਵੇ ਪਰ ਮਾਂ ਦੇ ਮੁੱਠੀ ਘੁੱਟਕੇ ਦਿੱਤੇ ਦੀ ਰੀਸ ਨਹੀਂ ਹੁੰਦੀ। ਹੁਣ ਜਦੋਂ ਬੀਬੀ ਜੀ ਪੂਰਨਾ ਦੇਵੀ ਨੂੰ ਮਾਂ ਕੋਲੋ ਅਜਿਹੇ ਸੰਸਕਾਰ ਮਿਲੇ ਹੋਣ ਤਾਂ ਫਿਰ ਉਹ ਸੰਸਕਾਰ ਖੁੱਲਾ ਹੱਥ ਹਰ ਚੀਜ਼ ਧੀ ਨੂੰ ਦੇਣ ਦੀ ਚਾਹਤ ਕਿਵੇਂ ਬਦਲੀ ਜ਼ਾ ਸਕਦੀ ਹੈ। ਸਰਦੀਆਂ ਦੇ ਸ਼ੁਰੂ ਹੋਣ ਯ ਦੀਵਾਲੀ ਦੇ ਲਾਗੇ ਖੋਏ ਦੀਆਂ ਪਿੰਨੀਆ ਗਿਆਂ ਨੂੰ ਸਾਵਣ ਦਾ ਸੰਧਾਰਾ ਦੇਣਾ ਉਸਨੇ ਵੱਸ ਲਗਦਾ ਜਾਰੀ ਹੀ ਰੱਖਿਆ। ਜੁਆਕਾਂ ਲਈ ਸਵੈਟਰ ਕੋਟੀਆਂ ਹੱਥੀ ਬੁਣਨਾ। ਉਸਦੀਆਂ ਧੀ ਲਈ ਖ੍ਰੀਦਿਆਂ ਚਾਦਰਾਂ ਅੱਜ ਵੀ ਸਾਡੇ ਘਰ ਦਾ ਸਿੰਗਾਰ ਹਨ। ਭਾਵੇਂ 29 ਫਰਬਰੀ 2016 ਨੂੰ ਪ ਦੇ ਅੱਖਰ ਨਾਲ ਸ਼ੁਰੂ ਹੋਣ ਵਾਲੀ ਉਹ ਪੂਰਨਾ ਦੇਵੀ ਇਸ ਸੰਸਾਰ ਨੂੰ ਆਲ ਵਿਦਾ ਆਖ ਗਈ)
ਪਰ ਪ ਅੱਖਰ ਦਾ ਪਿਆਰ ਮੈਨੂੰ ਕਿਸੇ ਨਾ ਕਿਸੇ ਰੂਪ ਵਿੱਚ ਮਿਲਦਾ ਰਿਹਾ ਹੈ ਮਿਲਦਾ ਹੈ ਤੇ ਮਿਲਦਾ ਹੀ ਰਹੇਗਾ।
Comments
Post a Comment