ਅਕਤੂਬਰ 1984 ਦੇ ਪਹਿਲੇ ਹਫਤੇ ਅਸੀਂ ਸਕੂਲ ਬੱਚਿਆਂ ਦਾ ਇੱਕ ਟੂਰ ਸਕੂਲ ਦੀ ਮੈਟਾਡੋਰ ਤੇ ਲੈ ਕੇ ਦਿੱਲੀ ਆਏ। ਜਿਸ ਦਾ ਡਰਾਈਵਰ ਚੰਨੂ ਪਿੰਡ ਦਾ ਅੰਗਰੇਜ ਸਿੰਘ ਸੀ। ਇਸ ਤੋਂ ਪਹਿਲਾਂ ਉਹ ਲੰਬੀ ਅੱਡੇ ਤੇ ਟੈਂਪੂ ਚਲਾਉਂਦਾ ਹੁੰਦਾ ਸੀ ਤੇ ਲੋਕ ਉਸਨੂੰ ਗੇਜਾ ਹੀ ਆਖਦੇ ਸਨ। ਉਹ ਨਿਰੋਲ ਅਨਪੜ੍ਹ ਸੀ ਪਰ ਗਾਲੜੀ ਬਹੁਤ ਸੀ। ਹਰ ਵਿਸ਼ੇ ਤੇ ਟਿਪਣੀ ਕਰਨਾ ਅਤੇ ਲੰਬਾ ਤਪਸਰਾ ਕਰਨਾ ਉਸਦੀ ਆਦਤ ਸੀ। ਗੱਲ ਕੀ ਕਿਸੇ ਨੂੰ ਟੋਕਣ ਲੱਗਿਆ ਤੇ ਮੁਫ਼ਤ ਦੀ ਰਾਏ ਦੇਣ ਨੂੰ ਮਿੰਟ ਮਾਰਦਾ ਸੀ।
ਘੁੰਮਦੇ ਹੋਏ ਅਸੀਂ ਦਿੱਲੀ ਦੇ ਪਾਲਿਕਾ ਬਾਜ਼ਾਰ ਚਲੇ ਗਏ। ਮੈਂ ਉਸਨੂੰ ਪਹਿਲਾਂ ਰੋਕ ਦਿੱਤਾ । "ਅੰਗਰੇਜ ਸਿੰਘ ਕੋਈ ਬੱਚਾ ਯ ਮੈਡਮ ਕੁਝ ਵੀ ਖਰੀਦੇ ਤੂੰ ਚੁੱਪ ਰਹਿਣਾ ਹੈ। ਤੂੰ ਕਿਸੇ ਨੂੰ ਰਾਇ ਨਾ ਦੇਵੀ ਤੇ ਨਾ ਰੇਟ ਦੇ ਮਾਮਲੇ ਵਿੱਚ ਬੋਲੀ। ਇੱਥੇ ਸੌਦੇਬਾਜ਼ੀ ਬਹੁਤ ਹੁੰਦੀ ਹੈ।" ਘੰਟਾ ਸਵਾ ਘੰਟਾ ਉਹ ਕੁਝ ਨਹੀਂ ਬੋਲਿਆ। ਮੂੰਹ ਘੁੱਟਕੇ ਫਿਰਦਾ ਰਿਹਾ। ਇੰਨੇ ਨੂੰ ਮੈਂ ਅਤੇ ਸਾਡੇ ਬੋਸ ਦਾ ਮੁੰਡਾ ਇੱਕ ਦੁਕਾਨ ਤੋਂ ਜੀਂਸ ਦੇਖਣ ਲੱਗੇ। ਦੁਕਾਨਦਾਰ ਢਾਈ ਸੌ ਮੰਗ ਰਿਹਾ ਸੀ ਤੇ ਅਸੀਂ ਡੇਢ ਸੌ ਦੇਣ ਤੇ ਬਜਿੱਦ ਸੀ।
"ਬਾਊ ਜੀ ਬੋਲੇ ਬਿਨਾਂ ਮੈਥੋਂ ਰਿਹਾ ਨਹੀਂ ਜਾਂਦਾ। ਬਥੇਰਾ ਮੂੰਹ ਘੁੱਟਕੇ ਦੇਖ ਲਿਆ। ਜਿਹੜੀ ਆਹ ਘੁੱਟਵੀਂ ਜਿਹੀ ਪੈਂਟ ਤੁਸੀਂ ਖਰੀਦਣ ਨੂੰ ਫ਼ਿਰਦੇ ਹੋ ਮੈਂ ਪੰਜਾਹ ਚ ਵੀ ਨਾ ਲਵਾਂ। ਪੰਦਰਾਂ ਦਿਨਾਂ ਬਾਅਦ ਇਸ ਦਾ ਗੋਡਿਆਂ ਕੋਲੋ ਰੰਗ ਫਿਟ ਜਾਂਦਾ ਹੈ। ਦੌ ਰੰਗੀ ਜਿਹੀ ਹੋ ਜਾਂਦੀ ਹੈ।
ਊਂ ਸੋਡੀ ਮਰਜ਼ੀ ਹੈ। ਫਿਰ ਕਹੋਗੇ ਗੇਜਾ ਬੋਲਦਾ ਹੈ।"
ਮੈਨੂੰ ਜੀਂਨਸ ਬਾਰੇ ਗੇਜੇ ਦੀ ਟਿਪਣੀ ਸੁਣਕੇ ਹਾਸੀ ਆ ਗਈ। ਬਹੁਤਾ ਬੋਲਣ ਵਾਲੇ ਬੰਦੇ ਲਈ ਚੁੱਪ ਰਹਿਣਾ ਭਾਰੀ ਮੁਸੀਬਤ ਹੁੰਦਾ ਹੈ।
ਗੇਜਾ ਕਮਾਲ ਦਾ ਬੰਦਾ ਸੀ। ਸੱਚੀ ਗੱਲ ਕਹਿਣੋ ਕਿਸੇ ਤੋਂ ਨਹੀਂ ਸੀ ਡਰਦਾ। ਉਂਜ ਬਹੁਤੇ ਡਰਾਈਵਰ ਮੂੰਹ ਫਟ ਹੀ ਹੁੰਦੇ ਹਨ।
Comments
Post a Comment