#ਸਾਖੀ_ਰੋਗੀ_ਦਾ_ਰੋਗ_ਕੱਟਣ_ਦੀ
#ਧੰਨ_ਗੁਰੂ_ਨਾਨਕ_ਦੇਵ_ਜੀ_ਅਤੇ_ਭਾਈ_ਮਰਦਾਨਾ_ਜੀ
ਦੁਨੀਆਂ ਨੂੰ ਤਾਰਦੇ ਹੋਏ ਦੇਸ਼ ਦੇਸ਼ਾਂਤਰਾਂ ਦੇ ਭ੍ਰਮਣ ਕਰਦੇ ਇਕ ਪਿੰਡ ਦੇ ਬਾਹਰ ਪਹੁੰਚੇ। ਉਸ ਪਿੰਡ ਦੇ ਬਾਹਰ ਇਕ ਛੋਟੀ ਟੁੱਟੀ ਜਿਹੀ ਕੁਟੀਆ ਵਿੱਚੋਂ ਕਿਸੇ ਦੇ ਕੁਰਲਾਹੁਣ ਦੀ ਆਵਾਜ਼ ਸੁਣਾਈ ਦਿੱਤੀ। ਅੱਗੇ ਹੋਕੇ ਦੇਖਿਓ ਸੂ ਤਾਂ ਇਕ ਕੋਹੜ ਦਾ ਰੋਗੀ ਰੋਗ ਦੀ ਪੀੜਾ ਕਾਰਨ ਵਿਲਕ ਰਿਹਾ ਸੀ। ਸੁਖ ਮੈਂ ਬਹੁਤ ਆਨ ਮਿਲ ਬੈਠਤ ਰਹਿਤ ਚਹੂੰ ਦਿਸ ਘੇਰੈ।। ਬਿਪਤੁ ਪਰੀ ਸਭ ਹੀ ਸੰਗ ਛਾਡਤ ਕੋਊ ਨਾ ਆਵਤ ਨੇਰੈ।। ਦੇ ਮਹਾਂਵਾਕਾਂ ਅਨੁਸਾਰ ਇਸ ਦੇ ਘਰ ਪਰਿਵਾਰ ਵਾਲੇ ਜਿਹੜੇ ਕਿ ਸੁਖ ਵੇਲੇ ਇਸ ਦੇ ਨਾਲ ਲੱਗੇ ਰਹਿੰਦੇ ਸਨ। ਕੋਈ ਇਸ ਨੂੰ ਪਿਤਾ ਪਿਤਾ ਕੋਈ ਪਤੀ ਪਤੀ ਤੇ ਕੋਈ ਪੁੱਤਰ ਪੁੱਤਰ ਕਹਿੰਦਾ ਨਹੀਂ ਸੀ ਥੱਕਦਾ ਪਰ ਅੱਜ ਅਜਿਹੇ ਅਸਾਧ ਰੋਗ ਲੱਗ ਜਾਣ ਕਾਰਨ ਇਸ ਨੂੰ ਇਕੱਲੇ ਨੂੰ ਪਿੰਡ ਦੇ ਬਾਹਰ ਛਨ ਪਾਕੇ ਛੱਡ ਗਏ। ਕੁਝ ਚਿਰ ਰੋਟੀ ਪਾਣੀ ਦਿੰਦੇ ਰਹੇ ਪਰ ਬਾਅਦ ਵਿੱਚ ਉਹ ਵੀ ਬੰਦ ਹੋ ਗਿਆ। ਰੋਗੀ ਨੇ ਵਿਲਕ ਵਿਲਕ ਕੇ ਆਪਣੀ ਵਿਥਿਆ ਗੁਰੂ ਨਾਨਕ ਦੇਵ ਜੀ ਨੂੰ ਸੁਣਾਈ। ਮਿਹਰਾਂ ਦੇ ਦਾਤੇ ਤਰਸ ਦੇ ਘਰ ਵਿੱਚ ਆਏ ਤੇ ਫ਼ੁਰਮਾਇਆ ਸੂ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਮਰਦਾਨੇ ਨੇ ਰਬਾਬ ਛੇੜੀ ਤਾਂ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤਾ। ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬਿਕਾਰ।। ਜੈ ਤਨ ਬਾਣੀ ਵਿਸਰੁ ਜਾਏ ਜਿਉਂ ਪਕਾ ਰੋਗੀ ਵਿਲਲਾਇ।। ਜਿਉਂ ਜਿਉਂ ਗੁਰੂ ਸਾਹਿਬ ਸ਼ਬਦ ਉਚਾਰਨ ਰੋਗੀ ਦਾ ਰੇਗ ਦੂਰ ਹੁੰਦਾ ਜਾਵੇ ਤਪਦੇ ਅੰਦਰ ਨੂੰ ਠੰਡ ਪੈਂਦੀ ਜਾਵੇ। ਸ਼ਬਦ ਸਮਾਪਤ ਹੁੰਦਿਆਂ ਹੀ ਰੋਗੀ ਦਾ ਰੋਗ ਦੂਰ ਹੋ ਗਿਆ। ਅੰਤਰ ਸੁਖ ਆਣ ਵਸਿਆਂ ਤਾਂ ਗੁਰੂ ਸਾਹਿਬ ਦੇ ਚਰਨੀਂ ਢਠਾ ਤੇ ਰੋ ਰੋ ਚਰਨ ਧੋ ਦਿੱਤੇ। ਇਸ ਸ਼ਬਦ ਵਿੱਚ ਗੁਰੂ ਸਾਹਿਬ ਰੋਗ ਲਗਣ ਦਾ ਕਾਰਨ ਜੀਵ ਦਾ ਪਰਮਾਤਮਾ ਨੂੰ ਭੁੱਲ ਜਾਣਾ ਦੱਸਦੇ ਹਨ। ਅਤੇ ਨਾਮ ਬਾਣੀ ਤੋਂ ਬੇਮੁਖ ਹੋਏ ਬੰਦੇ ਨੂੰ ਪੱਕੇ ਰੋਗੀ ਦਾ ਦਰਜਾ ਦਿੰਦੇ ਹਨ। ਜਿਸ ਤਰ੍ਹਾਂ ਇਕ ਪੱਕਾ ਰੋਗੀ ਆਪਣੇ ਰੋਗ ਕਾਰਨ ਵਿਲਕਦਾ ਉਸੇ ਤਰ੍ਹਾਂ ਨਾਮ ਬਿਹੂਣਾ ਆਦਮੀ ਵੀ ਨਾਮ ਤੋਂ ਬਿਨਾਂ ਵਿਚਾਰਾਂ ਚ ਉਲਝਿਆ ਹੋਇਆ ਦੁਖੀ ਹੁੰਦਾ ਹੈ। ਗੁਰਬਾਣੀ ਅਨੁਸਾਰ ਬੰਦੇ ਦੇ ਬੁਰੇ ਵਿਚਾਰਾਂ ਕਰਕੇ ਉਸ ਦਾ ਮਨ ਰੋਗੀ ਹੋ ਜਾਂਦਾ ਹੈ। ਮਨ ਦੇ ਰੋਗੀ ਹੋਣ ਨਾਲ ਸਰੀਰ ਵੀ ਰੋਗੀ ਹੋ ਜਾਂਦਾ ਹੈ। ਪਰ ਜੇਕਰ ਵਿਚਾਰਾਂ ਨੂੰ ਸ਼ੁੱਧ ਕਰ ਲਿਆ ਜਾਵੇ ਤਾਂ ਮਨ ਵੀ ਸਹੀ ਹੋ ਜਾਂਦਾ ਹੈ ਤੇ ਤਨ ਵੀ। ਵਿਚਾਰ ਸਿਰਫ਼ ਤੇ ਸਿਰਫ਼ ਗੁਰਬਾਣੀ ਨਾਮ ਨਾਲ ਹੀ ਸ਼ੁੱਧ ਹੋ ਸਕਦੇ ਹਨ। ਇਸੇ ਲਈ ਗੁਰੂ ਸਾਹਿਬ ਠੋਕ ਵਜਾ ਕੇ ਕਹਿੰਦੇ ਹਨ ਕਿ ਸਰਬ ਰੋਗ ਕਾ ਅਉਖਧ ਨਾਮ।। ਭਾਵ ਕਿ ਸਾਰੇ ਰੋਗਾਂ ਦਾ ਦਾਰੂ ਨਾਮ ਹੀ ਹੈ। ਕਰਿ ਇਸਨਾਨੁ ਸਿਮਰ ਪ੍ਰਭ ਆਪਨਾ ਮਨ ਤਨ ਭਏ ਅਰੋਗਾ।। ਸਿਮਰੋ ਸਿਮਰੁ ਸਿਮਰੁ ਸੁਖ ਪਾਵਉ ਕਲ ਕਲੇਸ ਤਨਿ ਮਾਹਿ ਮਿਟਾਵਉ।।
Comments
Post a Comment