ਮਿੰਨੀ ਕਹਾਣੀ
ਤੋਬਾ
ਨੂੰਹ -ਸੱਸ ਦੇ ਨਿੱਤ ਦੇ ਕਲੇਸ਼ ਤੋਂ ਉਹ ਦੁਖੀ ਹੋਇਆ ਪਿਆ ਸੀl ਜਦੋਂ ਵੀ ਕੰਮ ਤੋਂ ਥਕਿਆ ਮੁੜਦਾ ਅੱਗੋਂ ਉਨ੍ਹਾਂ ਦੀ ਕਿਚ- ਕਿਚ ਸੁਣ ਤੜਫ ਉੱਠਦਾ l ਮਾਂ ਤੇ ਪਤਨੀ ਦੇ ਵਿੱਚ -ਵਿਚਾਲੇ ਪਿਸਦਾ ਜਾਂਦਾ l ਅੱਜ ਐਤਵਾਰ ਵਾਲੇ ਦਿਨ ਤਾ ਸਵੇਰੇ -ਸਵੇਰੇ ਹੀ ਉਨ੍ਹਾਂ ਦੀ ਲੜਾਈ ਸ਼ੁਰੂ ਹੋ ਗਈ l ਉਹ ਦੁੱਖੀ ਹੋ ਕੇ ਬਿਨਾਂ ਕੁਝ ਖਾਧੇ - ਪੀਤੇ ਘਰੋਂ ਨਿਕਲ ਗਿਆ l
ਜਦੋਂ ਨੂੰਹ- ਸੱਸ ਦਾ ਗੁੱਸਾ ਠੰਡਾ ਹੋਇਆ ਤਾ ਲੱਗੀਆਂ ਉਹਨੂੰ ਉਡੀਕਣ, "ਅੱਜ ਤਾ ਲੜਾਈ ਵਿੱਚ ਅਸਾਂ ਰੋਟੀ ਵੀ ਨਹੀਂ ਬਣਾਈ...... ਤੇ ਉਹ ਭੁੱਖਾ.... l" ਸਵੇਰ ਤੋਂ ਦੁਪਹਿਰ, ਦੁਪਹਿਰ ਤੋਂ ਸ਼ਾਮ ਤੇ ਸ਼ਾਮ ਤੋਂ ਰਾਤ ਵੀ ਹੋ ਗਈ ਪਰ ਉਹ ਨਹੀਂ ਆਇਆ l ਨੂੰਹ -ਸੱਸ ਦਾ ਦਿਲ ਬੈਠਦਾ ਜਾ ਰਿਹਾ ਸੀ l
ਤਦੇ ਬਾਹਰੋਂ ਘੰਟੀ ਵੱਜੀl ਜਗਜੀਤ ਦਾ ਦੋਸਤ ਰੋਂਦਾ ਅੰਦਰ ਆਇਆ, "ਮ.... ਮਾਂ.... ਮਾਂ.... ਜੀ ....ਜ... ਗ.... ਜੀ.... ਤ... ਨੇ ਆ.......ਤਮ... ਹੱ... . ਤਿ... ਆ ਕਰ ਲਈ ।" ਉਸ ਨੇ ਦੁਖੀ ਹੋਏ ਨੇ ਮਸਾਂ ਗੱਲ ਪੂਰੀ ਕੀਤੀ l
"ਹੈਂਅ .......! ਵੇ ਆ ਕੀ ਕਹਿੰਨਾ ਪਿਐ ?" ਜਗਜੀਤ ਦੀ ਮਾਂ ਦੀਆਂ ਅੱਖਾਂ ਅੱਡੀਆ ਰਹਿ ਗਈਆਂ ਤੇ ਅੱਖਾਂ ਵਿੱਚੋਂ ਪਰਲ-ਪਰਲ ਹੰਝੂ ਵਹਿਨ ਲਗੇ l "ਹਾਏ ਮੇਰਿਆ ਰੱਬਾ, ਆਹ ਕੀ ਹੋ ਗਿਆ ", ਨੂੰਹ ਦੁਹੱਥੜੀ ਰੋ ਪਈ। ਉਨ੍ਹਾਂ ਦਾ ਰੋ- ਰੋ ਬੁਰਾ ਹਾਲ ਹੋ ਗਿਆ l ਆਂਢੀ - ਗਵਾਂਢੀਂ ਵੀ ਆ ਗਏ l
ਤਦੇ ਇਕਦਮ ਜਗਜੀਤ ਤੇ ਉਹਦੇ ਦੋਸਤ ਨੂੰ ਸਾਹਮਣੇ ਦੇਖ ਉਹ ਤੇ ਸਭ ਹੱਕੇ-ਬੱਕੇ ਰਹਿ ਗਏ l ਮਾਂ ਨੇ ਝੱਟ ਉੱਠ ਕੇ ਉਸਨੂੰ ਜੱਫੀ ਵਿੱਚ ਲੈ ਲਿਆ l ਵੁਹਟੀ ਵੀ ਹੰਝੂ ਪੂਝਦੀ ਉਹਦੇ ਗਲ਼ੇ ਲੱਗ ਗਈ l "ਨਾ ਇਹ ਕਿਹੋ ਜਿਹਾ ਮਜਾਕ ਕੀਤਾ, ਸਾਡੀ ਤਾ ਜਾਨ ਕੱਢ ਤੀ ਤੁਸਾਂ l" ਉਹ ਦੋਵੇਂ ਇਕਸਾਰ ਭਰੇ ਗਲ਼ੇ ਨਾਲ ਬੋਲੀਆਂ l ਆਪਣੇ ਲਈ ਉਨ੍ਹਾਂ ਦਾ ਪਿਆਰ ਦੇਖ ਜਗਜੀਤ ਗੱਦ -ਗੱਦ ਹੋ ਉੱਠਿਆ ਤੇ ਨੂੰਹ -ਸੱਸ ਇਹ ਸੋਚ ਕੇ, ਕਿ ਜੇ ਕਿਧਰੇ ਸੱਚੀ ਘਰ ਦੇ ਕਲੇਸ਼ ਤੋਂ ਦੁੱਖੀ ਹੋਇਆ ਜਗਜੀਤ....l
.....ਨਾ.... ਨਾ... ਉਹ ਧੁਰ ਤਕ ਕੰਬ ਉੱਠੀਆਂ ਤੇ ਅੱਗੋਂ ਉਨ੍ਹਾਂ ਲੜਾਈ ਤੋਂ ਸਭ ਦੇ ਸਾਹਮਣੇ ਸਦਾ ਲਈ ਤੋਬਾ ਕਰ ਲਈ l
Comments
Post a Comment