ਸ਼ਰਾਧ
ਮਿੰਨੀ ਕਹਾਣੀ
ਮਾਂ ਸਮੇਤ ਤਿੰਨਾਂ ਬੱਚਿਆਂ ਨੂੰ ਰਾਤ ਭੁੱਖਿਆਂ ਹੀ ਸੌਣਾ ਪਿਆ ਸੀ। ਅੱਜ ਬੱਚਿਆਂ ਦਾ ਬਾਪ ਦੇਰ ਰਾਤ ਤੱਕ ਕੰਮ ਤੋਂ ਵਾਪਸ ਨਹੀਂ ਸੀ ਪਰਤਿਆ। ਉਸ ਦੇ ਆਉਣ ਤੇ ਹੀ ਚੁੱਲ੍ਹਾ ਗਰਮ ਹੋਣ ਦੀ ਸੰਭਾਵਨਾ ਹੋ ਸਕਦੀ ਸੀ।
ਇਕ ਸੇਠ ਦੇ ਮਕਾਨ ਦੀ ਖੁੱਲ੍ਹੀ ਛੱਤ ਉੱਪਰ ਬਣੇ ਛੱਤਣੇ ਰੂਪੀ ਚੌਬਾਰੇ ਵਿਚ ਕਿਰਾਏ ਤੇ ਇਹ ਪਰਿਵਾਰ ਬਸਰ ਕਰ ਰਿਹਾ ਸੀ।
ਵੱਡਾ ਮੁੰਡਾ ਅੱਜ ਆਮ ਨਾਲੋਂ ਸਵਖਤੇ ਹੀ ਜਾਗ ਪਿਆ ਸੀ। ਬਹੁਤ ਹੀ ਸਵਾਦੀ ਤੇ ਵੰਨ-ਸੁਵੰਨੇ ਖਾਣਿਆਂ ਦੀ ਮਹਿਕ, ਜਿਵੇਂ ਸਾਹਾਂ ਰਾਹੀਂ ਉਸ ਦੇ ਸਮੁੱਚੇ ਜਿਸਮ ਵਿਚ ਸਮਾ ਗਈ ਸੀ।
ਮੁੰਡੇ ਨੇ ਉੱਠਣ ਸਾਰ ਹੀ ਬੜੀ ਸ਼ਿੱਦਤ ਨਾਲ ਮਾਂ ਨੂੰ ਸੁਆਲ ਕੀਤਾ, “ਮਾਂ! ਆਹ ਅੱਜ ਖੁਸ਼ਬੂ ਜਿਹੀ ਕਾਹਦੀ ਆ ਰਹੀ ਐ?”
“ਪੁੱਤ, ਥੱਲੇ ਅੱਜ ਸੇਠ ਆਪਣੀ ਮਾਂ ਦਾ ਸ਼ਰਾਧ ਕਰ ਰਿਹੈ।’
“ਸ਼ਰਾਧ ਕੀ ਹੁੰਦੈ ਮਾਂ?” ਮੁੰਡੇ ਦੀ ਉਤਸੁਕਤਾ ਹੋਰ ਵੱਧ ਗਈ ਸੀ।
ਮਾਂ ਨੇ ਜ਼ਰਾ ਵਿਸਥਾਰ ਨਾਲ ਸਮਝਾਉਂਦਿਆ ਦੱਸਿਆ, “ਹਰ ਸਾਲ ਪੰਡਤਾਂ-ਪ੍ਰੋਹਿਤਾਂ ਨੂੰ ਖੀਰ-ਪੂੜੀਆਂ, ਕੜਾਹ-ਪ੍ਰਸਾਦਿ ਤੇ ਤਰ੍ਹਾਂ-ਤਰ੍ਹਾਂ ਦੇ ਖਾਣੇ ਖੁਆਏ ਜਾਂਦੇ ਐ। ਹੋਰ ਵੀ ਦਾਨ-ਪੁੰਨ ਕੀਤਾ ਜਾਂਦਾ ਐ।”
“ਪੰਡਤਾਂ ਨੂੰ ਖਾਣੇ ਕਿਉਂ ਖੁਆਏ ਜਾਂਦੇ ਐ?”
“ਤਾਂ ਕਿ ਸਵਰਗ ਸਿਧਾਰ ਚੁੱਕੇ ਬਜ਼ੁਰਗਾਂ ਤੱਕ ਉਹ ਖਾਣੇ ਪਹੁੰਚ ਜਾਣ।” ਮਾਂ ਨੇ ਆਪਣੇ ਪੁੱਤ ਕੋਲ ਬਹਿੰਦਿਆਂ ਦੱਸਿਆ, “ਸੇਠ ਅੱਜ ਇਹ ਪਕਵਾਨ ਆਪਣੀ ਸਵਰਗ ਵਿਚ ਬੈਠੀ ਮਾਤਾ ਲਈ ਭੇਜ ਰਿਹੈ।”
ਹੈਰਾਨ ਹੁੰਦਿਆਂ ਪੁੱਤਰ ਨੇ ਪੁੱਛਿਆ, “ਮੰਮੀ, ਏਨੀ ਦੂਰ?” ਮੁੰਡੇ ਨੇ ਆਪਣੀ ਬਾਂਹ ਅਸਮਾਨ ਵੱਲ ਕਰਕੇ ਹੱਥ ਦੀ ਉਂਗਲ ਵੀ ਸਿੱਧੀ ਕਰ ਦਿੱਤੀ ਸੀ।
“ਹਾਂ ਪੁੱਤ, ਏਨੀ ਦੂਰ।”
ਮੁੰਡਾ ਥੋੜ੍ਹੀ ਦੇਰ ਲਈ ਗੁੰਮ-ਸੁੰਮ ਹੋ ਗਿਆ ਸੀ। ਫਿਰ ਉਸ ਨੇ ਅੱਖਾਂ ਫੈਲਾਅ ਕੇ , ਬੁੱਲਾਂ ਤੇ ਜੀਭ ਫੇਰਦਿਆਂ ਮੁਸਕਰਾ ਕੇ ਕਿਹਾ, “ਮਾਂ, ਉੱਧਰ ਜਾਂਦੇ ਜਾਂਦੇ ਕੁਝ ਕੜਾਹ-ਪੂੜੇ ਜੇ ਆਪਣੇ ਆਲੀ ਛੱਤ ’ਤੇ ਡਿੱਗ ਪੈਣ, ਫੇਰ ਤਾਂ ਮਜ਼ਾ ਈ ਆ ਜੇ।”
ਮਾਂ ਦੇ ਚਿਹਰੇ ਉੱਤੇ ਮੁਰਦੇਹਾਣੀ ਫੈਲ ਗਈ ਸੀ।
ਦੋਸਤੋ ਸੱਭ ਤੋ ਵੱਡਾ ਪੁੱਨ ਕਿਸੇ ਭੁੱਖੇ ਦਾ ਟਿੱਡ ਭਰਨਾ ਮੇਰਾ ਉਦੇਸ਼ ਕਿਸੇ ਵੀ ਧਰਮ ਨੂੰ ਰੀਤੀ ਰਿਵਾਜ ਬੁਰਾ ਕਹਿਣਾ ਨਹੀਂ ਹੈ ਅਗਰ ਪੁੰਨ ਕਰਨਾ ਨਹੀਂ ਹੈ ਤਾਂ ਕਿਸੇ ਗਰੀਬ ਦਾ ਢਿੱਡ ਭਰੋ 🙏
Comments
Post a Comment