ਦੋਨੋਂ ਵੇਲੇ ਰੋਟੀ ਤੰਦੂਰ ਤੇ ਪੱਕਦੀ ਸੀ । ਘਰ ਚ 18 ਜੀਅ ਸਨ ਤੇ ਕਿਸੇ ਦੀ ਵੀ ਕੋਈ ਅਲੱਗ ਜੇਹੀ ਫ਼ਰਮਾਇਸ਼ ਨਹੀਂ ਸੀ । ਲਹਿੰਦੀਆਂ ਲਹਿੰਦੀਆਂ ਚੁੱਕ ਕੇ ਖਾ ਲੈਣੀਆਂ । ਅੰਮਾ ਜਰੂਰ ਆਖਦੀ ਸੀ ਕਿ ਮੈਨੂੰ ਪੋਲਾ ਜੀ ਰੋਟੀ ਲਿਆ ਦੋ , ਖਾਣ ਨੂੰ ਬਥੇਰਾ ਜੀਅ ਕਰਦਾ ਕੜੁੱਕ ਰੋਟੀ ਪਰ ਬੁੱਟਾਂ ਤੋਂ ਚੱਬੀ ਕਿਹੜਾ ਜਾਂਦੀ ਏ ਡੁੱਬੜੀ । ਅੰਮਾ ਨੂੰ ਪੋਲੀ ਜੇਹੀ ਰੋਟੀ ਵੇਖ ਕੇ ਦੇਣੀ ।
ਇੰਝ ਹੀ ਇਕੱਠ ਬੜਾ ਸੋਹਣਾ ਨਿਭ ਰਿਹਾ ਸੀ ਤੇ ਫਿਰ ਇੱਕ ਦਿਨ ਦਾਰਜੀ ਦੇ ਮਨ ਚ ਪਤਾ ਨਹੀਂ ਕੀ ਆਇਆ ਤੇ ਦੋਨੋਂ ਪੁੱਤਾਂ ਨੂੰ ਬੁਲਾ ਕੇ ਕਹਿੰਦੇ ਕਿ ਅੱਡ ਅੱਡ ਹੋ ਕੇ ਆਵਦੇ ਆਵਦੇ ਕਾਰੋਬਾਰ ਸਾਂਭ ਲਵੋ , ਬਥੇਰਾ ਇਕੱਠ ਨਿਭ ਗਿਆ, ਜ਼ਰੂਰੀ ਤਾਂ ਨਹੀਂ ਲੜ੍ਹ ਕੇ ਹੀ ਅੱਡ ਵਿੱਢ ਹੋਣਾ । ਬੱਚੇ ਤੋਂ ਲੈ ਕੇ ਵੱਡਿਆਂ ਤੀਕ ਸਾਰੇ ਹੈਰਾਨ ਸਨ ਤੇ ਰੋ ਵੀ ਰਹੇ ਸਨ ਕਿ ਦਾਰਜੀ ਕਿਉਂ ਸਾਨੂੰ ਅਲੱਗ ਕਰ ਰਹੇ ਹਨ , ਸ਼ਾਇਦ ਪਿੰਡ ਚ ਇਹ ਪਹਿਲਾਂ ਵਾਕਾ ਹੋਣਾ ਕਿ ਅੱਡ ਹੋਣ ਤੇ ਦਰਾਣੀ ਜਠਾਣੀ ਗਲ ਲੱਗ ਰੋ ਰਹੀਆਂ ਸਨ ਤੇ ਆਵਦੇ ਸਹੁਰੇ ਨੂੰ ਇਸ ਗੱਲ ਕਰਕੇ ਕੋਸ ਰਹੀਆਂ ਸਨ ।
ਦਿਨਾਂ ਚ ਹੀ ਸਭ ਕੁਛ ਵੰਡ ਦਿੱਤਾ ਗਿਆ ਤੇ ਦਾਰਜੀ ਨੇ ਕਿਹਾ ਕਿ ਮੈਂ ਵੱਡੇ ਵੱਲ ਸ਼ਹਿਰ ਵਾਲੇ ਮਕਾਨ ਚ ਰਹੂਗਾ ਤੇ ਅੰਮੀ ਥੋਡੀ ਨਿੱਕੇ ਵੱਲ ਪਿੰਡ ਰਹਿ ਲਵੇਗੀ ।ਅੰਮਾ ਇਹ ਸੁਣ ਕੇ ਘਾਬਰ ਗਈ ਪਰ ਦਾਰਜੀ ਮੂਹਰੇ ਬੋਲਣ ਦੀ ਕਿਸੇ ਦੀ ਤਿਣਕੇ ਜਿੰਨੀ ਹਿੰਮਤ ਵੀ ਨਹੀਂ ਸੀ । ਦਾਰਜੀ ਤੇ ਤਾਏ ਦਾ ਟੱਬਰ ਸ਼ਹਿਰ ਵਾਲੇ ਮਕਾਨ ਚ ਚਲਾ ਗਿਆ ।
ਦਾਰਜੀ ਤੋਂ ਅਲੱਗ ਹੋ ਕੇ ਅੰਮਾ ਨੂੰ ਮੈਂ ਰੋਜ਼ ਦੇਖਦੀ ,ਉਹ ਉੱਖੜੀ ਉੱਖੜੀ ਰਹਿੰਦੀ ਤੇ ਗੱਲ ਗੱਲ ਤੇ ਚਿੜ੍ਹਨ ਵੀ ਲੱਗਦੀ ਤੇ ਹੁਣ ਉਹ ਕਦੇ ਇਹ ਨਹੀਂ ਸੀ ਕਹਿੰਦੀ ਕਿ ਪੋਲੀ ਰੋਟੀ ਲਿਆ ਦੋ ਮੈਨੂੰ । ਇੱਕ ਦਿਨ ਐਂਵੇ ਹੀ ਅੰਮਾ ਦੇ ਦਿਲ ਦੀ ਗੱਲ ਜਾਨਣ ਲਈ ਮੈਂ ਕੜੁੱਕ ਜੇਹੀ ਰੋਟੀ ਅੰਮਾ ਦੀ ਥਾਲੀ ਚ ਰੱਖ ਦਿੱਤੀ । ਮੈਨੂੰ ਸੀ ਕਿ ਉਹ ਅਵਾਜ਼ ਮਾਰੇਗੀ ਕਿ ਇਹ ਕਿੱਥੋਂ ਚੱਬ ਹੁੰਦੀ ਏ ਮੈਥੋਂ । ਮੈਂ ਰੋਟੀ ਫੜ੍ਹਾ ਕੇ ਭੁੱਲ ਗਈ ਤੇ ਲੀੜੇ ਸੁੱਕਣੇ ਪਾਉਣ ਲੱਗੀ ਤੇ ਜਦ ਕੰਮ ਕਰ ਮੁੜਕੇ ਆਈ ਤਾਂ ਦੇਖਿਆ ਤਾਂ ਅੰਮਾ ਨੇ ਉਹ ਰੋਟੀ ਖਾ ਲਈ ਸੀ । ਮੈਂ ਕੋਲ ਆਣ ਕੇ ਪੁੱਛਿਆ ਕਿ ਐਨੀ ਕਰੜੀ ਰੋਟੀ ਕਿਵੇਂ ਖਾ ਲਈ । ਅੰਮਾ ਨੇ ਕਿਹਾ ਕਿ ਪਤਾ ਨੀ ਲੱਗਾ ਪੁੱਤ, ਤੂੰ ਫੜ੍ਹਾ ਗਈ ਤੇ ਮੈਂ ਖਾ ਲਈ । ਅੰਮਾ ਦਾ ਦਿਮਾਗੀ ਸੰਤੁਲਨ ਦਿਨੋਂ ਦਿਨ ਵਿਗੜਦਾ ਚਲਾ ਗਿਆ । ਸ਼ਾਇਦ ਦਾਰਜੀ ਦਾ ਹੇਰਵਾ ਕਰ ਗਈ ਸੀ । ਕਰਦੀ ਵੀ ਕਿਵੇਂ ਨਾ ਪੰਜਾਹ ਵਰ੍ਹੇ ਨਾਲ ਗੁਜ਼ਾਰੇ ਸਨ । ਤੰਦੂਰ ਵੀ ਟੁੱਟ ਗਿਆ ਕਿਉਂਕਿ ਪਹਿਲਾਂ ਤਾਈ ਤੰਦੂਰ ਨੂੰ ਮਿੱਟੀ ਲਾਉਂਦੀ ਰਹਿੰਦੀ ਸੀ । ਮੀਂਹ ਵੀ ਦੋ ਤਿੰਨ ਪੈ ਗਏ ਸੀ ਉੱਤੇ ਕਿਉਂਕਿ ਪਹਿਲਾਂ ਘਰ ਚ ਐਨੇ ਜੀਅ ਹੁੰਦੇ ਸੀ ਕਿ ਮੀਂਹ ਮਗਰੋਂ ਆਉਣਾ ਤੇ ਤੰਦੂਰ ਨੂੰ ਪਹਿਲਾਂ ਹੀ ਡੋਲਾਬਾਟੀ ਚੁੱਕ ਦਰਵਾਜ਼ੇ ਚ ਪਹੁੰਚਾ ਦਿੱਤਾ ਜਾਂਦਾ । ਕਿੰਨਾ ਕੁਛ ਬਦਲ ਗਿਆ ਸੀ ।
ਗੱਲਾਂ ਗੱਲਾਂ ਚ ਮੈਂ ਬਹੁਤ ਵਾਰ ਅੰਮਾ ਨੂੰ ਹਾਸੇ ਚ ਪੁੱਛਿਆ ਕਿ ਚੱਲ ਸ਼ਹਿਰ ਦਾਰਜੀ ਨੂੰ ਮਿਲਾ ਲਿਆਉਣੇ ਆ ... । ਉਹ ਹਮੇਸ਼ਾ ਨਾ ਨੁੱਕਰ ਕਰਦੀ ਰਹੀ ਤੇ ਸ਼ਰਮ ਜੇਹੀ ਆਉਂਦੀ ਸੀ ਉਸਨੂੰ ਇਹ ਗੱਲਾਂ ਸੁਣ ਕੇ । ਦਾਰਜੀ ਦੀ ਘਾਟ ਮਹਿਸੂਸ ਤਾਂ ਕਰਦੀ ਸੀ ਪਰ ਕਦੇ ਕਹਿੰਦੀ ਨਹੀਂ ਸੀ । ਮਹੀਨੇ ਬਾਅਦ ਉਹ ਕਮਜ਼ੋਰ ਹੁੰਦੀ ਹੁੰਦੀ ਸਦਾ ਲਈ ਅੱਖਾਂ ਮੀਚ ਗਈ । ਸੱਥਰ ਤੇ ਬੈਠੀ ਹਰ ਬੁੜੀ ਨੇ ਇਹੀ ਕਿਹਾ ਕਿ ਪੁੱਤਾਂ ਦੇ ਅਲੱਗ ਹੋਣ ਦਾ ਝੋਰਾ ਦਿਲ ਨੂੰ ਲਾ ਬੈਠੀ । ਦਾਰਜੀ ਦਾ ਐਡਾ ਮਾੜਾ ਦਿਲ ਸੀ ਕਿ ਉਹ ਅੰਮਾ ਦਾ ਮੂੰਹ ਵੀ ਦੇਖਣ ਨਾ ਆਏ । ਜਦੋਂ ਸੰਸਕਾਰ ਹੋਏ ਤਾਂ ਫਿਰ ਆਏ ਘਰ । ਮੋਟੇ ਮੋਟੇ ਸ਼ੀਸ਼ਿਆਂ ਵਾਲੀ ਐਨਕ ਪਿੱਛੇ ਅੱਥਰੂ ਲਕੋ ਕੇ ਆਖ ਰਹੇ ਸੀ ਕਿ ਸਭ ਨੇ ਜਾਣਾ ਹੀ ਹਾਂ ਅੱਗੇ ਕੀ ਪਿੱਛੇ ਕੀ ... ਪੁੱਤ ਪੋਤਰੇ ਦੇਖ ਗਈ .. ਹੋਰ ਕੀ ਚਾਹੀਦਾ ਹੁੰਦਾ ਬੰਦੇ ਨੂੰ ....। ਸੱਚ ਇਹ ਸੀ ਕਿ ਦਾਰਜੀ ਅੰਦਰੋਂ ਟੁੱਟ ਗਏ ਸਨ ।
ਭੋਗ ਪੈਣ ਤੋਂ ਅਗਲੇ ਦਿਨ ਹੀ ਤਾਇਆ ਟਰੱਕ ਸਮਾਨ ਦਾ ਭਰ ਘਰੇ ਆ ਗਿਆ ਤੇ ਦੱਸਿਆ ਕਿ ਹੁਣ ਅਸੀਂ ਨਹੀਂ ਕਿਤੇ ਜਾਵਾਂਗੇ , ਦਾਰਜੀ ਦੀ ਇੱਕ ਗੱਲ ਨਹੀਂ ਮੰਨਣੀ ਮੈਂ ... । ਦਾਰਜੀ ਚੁੱਪਚਾਪ ਬੈਠੇ ਤਾਏ ਵੱਲ ਦੇਖ ਰਹੇ ਸਨ ਜਿਵੇਂ ਤਾਏ ਦੀ ਗੱਲ ਤੇ ਸਹਿਮਤ ਹੋ ਰਹੇ ਹੋਣ ।
ਅੰਮਾ ਦੇ ਜਾਣ ਦਾ ਦੁੱਖ ਸੀ ਜਿੱਥੇ ਉੱਥੇ ਖੁਸ਼ੀ ਵੀ ਸੀ ਕਿ ਟੱਬਰ ਫਿਰ ਤੋਂ ਇੱਕ ਹੋ ਗਿਆ ਸੀ । ਜੁਆਕ ਸਾਰੇ ਚਾਬੜ੍ਹਾਂ ਮਾਰ ਰਹੇ ਸਨ ਤੇ ਭੂਆ ਹੋਨੀਂ ਤਾਏ ਦਾ ਮੱਥਾ ਚੁੰਮ ਰਹੀਆਂ ਸਨ । ਸ਼ਾਮੀ ਦਾਰਜੀ ਘੁਮਿਆਰ ਤੋਂ ਨਵਾਂ ਤੰਦੂਰ ਲੈ ਆਏ ਤੇ ਕਹਿੰਦੇ ਕਿ ਅੱਜ ਤੰਦੂਰ ਦੀ ਰੋਟੀ ਬਣਾਇਉ । ਐਂਵੇ ਲੱਗਾ ਜਿਵੇਂ ਦਾਰਜੀ ਅੰਮਾ ਦੀ ਯਾਦ ਨੂੰ ਤਾਜ਼ਾ ਕਰਨਾ ਚਾਹੁੰਦੇ ਹੋਣ । ਤੰਦੂਰ ਤੇ ਤਾਈ ਤੇ ਮਾਂ ਰੋਟੀਆਂ ਲਾਹ ਰਹੀਆਂ ਸਨ । ਤਾਏ ਨੇ ਅੰਮਾ ਵਾਲੀ ਮੰਜੀ ਵਰਾਂਡੇ ਚੋ ਕੱਢੀ ਤੇ ਉੱਤੇ ਅੰਮਾ ਦੀ ਫ਼ੋਟੋ ਲਿਆ ਕੇ ਟਿਕਾ ਦਿੱਤੀ ਤੇ ਕਿਹਾ ਕਿ ਅੰਮਾ ਦੀਆਂ ਪੋਲੀਆਂ ਪੋਲੀਆਂ ਰੋਟੀਆਂ ਪਹਿਲਾਂ ਲਾਹ ਦੇਣਾ । ਤਾਏ ਦੀ ਗੱਲ ਸੁਣ ਸਾਰੇ ਟੱਬਰ ਦੀਆਂ ਅੱਖਾਂ ਚ ਅੱਥਰੂ ਆ ਗਏ । ਅੰਮਾ ਦੀ ਪਲੇਟ ਸਜਾਈ ਗਈ ਤੇ ਰੋਟੀ ਅੰਮਾ ਦੇ ਮੰਜੇ ਤੇ ਰੱਖ ਦਿੱਤੀ ਗਈ । ਦਾਰਜੀ ਕੁਰਸੀ ਤੋਂ ਉੱਠੇ ਤੇ ਅੰਮਾ ਦੀ ਰੋਟੀ ਆਪ ਚੁੱਕ ਕੇ ਖਾਣ ਲੱਗੇ। ਉਸ ਦਿਨ ਤੋਂ ਲੈ ਕੇ ਅੱਜ ਤੀਕ ਅੰਮਾ ਦੀਆਂ ਪੋਲੀਆਂ ਰੋਟੀਆਂ ਬਣਦੀਆਂ ਹਨ ਤੇ ਦਾਰਜੀ ਉਹ ਰੋਟੀ ਖਾਂਦੇ ਹਨ । ਦਾਰਜੀ ਦੇ ਮਨ ਚ ਹਮੇਸ਼ਾ ਝੋਰਾ ਜੇਹਾ ਰਿਹਾ ਕਿ ਜੇ ਮੈੰ ਅਲੱਗ ਨਾ ਹੁੰਦਾ ਤਾਂ ਅੰਮਾ ਸਾਡੇ ਵਿਚਕਾਰ ਹੁੰਦੀ । ਕੁਛ ਕੁ ਮੁਹੱਬਤਾਂ ਬਿਨਾਂ ਕਹੇ ਹੀ ਬੜਾ ਕੁਛ ਕਹਿ ਜਾਂਦੀਆਂ ਤੇ ਇਹ ਵੀ ਚੀਜ਼ਾਂ ਉੱਥਲ ਪੁੱਥਲ ਹੋਣ ਤੇ ਵੀ ਜੇ ਸੁਲਝਾ ਦਿੱਤੀਆਂ ਜਾਣ ਤਾਂ ਫਿਰ ਵੀ ਜਿਉਣ ਦੇ ਕਈ ਰਾਹ ਬਚ ਜਾਂਦੇ ਹਨ । ਬੁੱਢੇ ਹੋਣ ਦੇ ਨਾਲ ਇਕੱਲੀਆਂ ਪੋਲੀਆਂ ਰੋਟੀਆਂ ਹੀ ਨਹੀਂ ਹਜ਼ਮ ਹੁੰਦੀਆਂ ਸਗੋਂ ਜਿਉਣ ਲਈ ਜੀਵਨਸਾਥੀ ਦੇ ਸੁਭਾਅ ਚ ਵੀ ਪੋਲਾਪਣ ਵੀ ਲੱਭਦੇ ਹਾਂ ।
Comments
Post a Comment