ਫਿਰ ਲੋਕ ਫੁਫੜਾਂ ਨੂੰ ਮਾੜਾ ਕਹਿੰਦੇ ਹਨ।
ਘਰ ਵਾਲੀ ਦੇ ਬਹੁਤਾ ਜ਼ੋਰ ਪਾਉਣ ਤੇ ਮੈਂ ਮੇਰੇ (ਕੀ ਲਿਖਾਂ, ਸਾਲਾ ਕਿ ਮੁੰਡਿਆਂ ਦਾ ਮਾਮਾ, ਕਿ ਹਮਸਫਰ ਦਾ ਭਾਈ ) ਦੇ ਮੁੰਡੇ ਨੂੰ ਰਿਸ਼ਤਾ ਕਰਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਪਹਿਲਾ ਤਾਂ ਅਸੀਂ ਮਲੋਟ ਇੱਕ ਘਰ ਦੋ ਚਾਰ ਵਾਰੀ ਗਏ। ਪਰ ਸਾਡੀ ਓਥੇ ਦਾਲ ਨਹੀਂ ਗਲੀ। ਫਿਰ ਐਲਨਾਬਾਦ ਕਿਸੇ ਗੁਰਸਿਖ ਪਰਿਵਾਰ ਨਾਲ ਗੱਲ ਚਲਾਈ। ਗੱਲ ਅੱਗੇ ਰੁੜ ਪਈ। ਮੈਨੂੰ ਵੀ ਛਾਪ ਦੀ ਉਮੀਦ ਜਿਹੀ ਜਾਗੀ।ਲੜਕੀ ਦੇਖਣ ਦਾ ਪ੍ਰੋਗਰਾਮ ਬਣਾਇਆ।ਤੇ ਸਰਸੇ ਤਾਰਾ ਬਾਬਾ ਕੁਟਿਆ ਜੋ ਦੋਹਾਂ ਧਿਰਾਂ ਨੂੰ ਵਿਚਾਲੇ ਪੈਂਦੀ ਸੀ ਇਸ ਕੰਮ ਲਈ ਨਿਸਚਤ ਕੀਤੀ ਗਈ। ਕੁੜੀ ਵਾਲਿਆਂ ਦਾ ਪੂਰਾ ਪਰਿਵਾਰ ਓਥੇ ਹਾਜ਼ਿਰ ਸੀ। ਮੁੰਡੇ ਵਾਲੇ ਵੀ TATA SUMO ਭਰ ਕੇ ਲਿਆਏ।ਪੂਰੇ ਨੋ ਜਣੇ। ਮੈਂ ਤੇ ਜੁਆਕ ਦੀ ਭੂਆ ਵਿਚੋਲੇ ਦੀ ਭੂਮਿਕਾ ਲਈ ਆਪਣੀ ਕਾਰ ਤੇ ਪਹੁੰਚੇ। ਮੈਂ ਆਪਣੀ ਸੁਪੋਰਟ ਲਈ ਮੁੰਡੇ ਦੇ
ਦਾਦਾ ਸ੍ਰੀ ਤੇ ਮੇਰੀ ਹਮ ਸਫ਼ਰ ਦੇ ਜਨਮ ਦਾਤੇ ਨੂੰ ਵੀ ਨਾਲ ਲੈ ਗਿਆ। ਉਹ ਉਸ ਸਮੇ ਸਿਰਫ ਮੇਰੀ ਸੁਪੋਰਟ ਤੇ ਹੀ ਗਏ ਸਨ। ਬਾਕੀ ਉਹਨਾਂ ਦਾ ਕੋਈ ਰੋਲ ਨਹੀਂ ਸੀ। ਚਲੋ ਜੀ ਠੰਡੇ ਤੱਤੇ ਪਿੱਛੋਂ ਲੜਕੀ ਬਾਬਤ ਮੁੰਡੇ ਵਾਲਿਆਂ ਦੀ ਰਾਇ ਪੁੱਛੀ ਗਈ। ਲੜਕੇ ਦੇ ਨਾਲ ਆਏ ਹਰ ਜੀਅ ਕੋਲੋ ਅੱਲਗ ਅੱਲਗ ਪੁਛਿਆ ਗਿਆ। ਸਭ ਨੂੰ ਲੜਕੀ ਪਸੰਦ ਸੀ। ਮੈਨੂੰ ਮੇਰੀ ਕੋਸ਼ਿਸ਼ ਨੂੰ ਬੂਰ ਪੈਂਦਾ ਲੱਗਿਆ। ਪਰ ਅਚਾਨਕ ਲੜਕੇ ਨੇ ਲੰਗੜੀ ਮਾਰ ਦਿੱਤੀ। ਅਖੇ ਜੀ ਘਰੇ ਸਲਾਹ ਕਰਕੇ ਦੱਸਾਂਗੇ। ਮਖਿਆ ਸਲਾਹ ਵਾਲੇ ਤਾਂ ਨਾਲ ਹੀ ਆਏ ਹਨ। ਘਰੇ ਤਾਂ ਸਿਰਫ ਤਾਲਾ ਹੈ। ਪਰ ਨਾ ਜੀ। ਸਲਾਹ ਸਲਾਹ ਦਾ ਕਿਹ ਕੇ ਫੈਸਲਾ ਲਮਕਾ ਦਿੱਤਾ। ਮਖਿਆ ਜੇ ਨਹੀਂ ਪਸੰਦ ਤਾਂ ਖੁੱਲ ਕੇ ਦੱਸ ਦਿਓ। ਅਗਲਿਆਂ ਦੀ ਕੁੱਤੇ ਝਾਕ ਖਤਮ ਕਰੋ। ਪਰ ਘਰੇ ਸਲਾਹ ਤੇ ਸੂਈ ਅਟਕ ਗਈ। ਲੜਕੀ ਵਾਲੇ ਬੇਹੱਦ ਸ਼ਰੀਫ ਤੇ ਚੰਗੇ ਬੰਦੇ ਸਨ। ਮੈਨੂੰ ਲੜਕੀ ਦੇ ਬਾਪ ਤੇ ਤਰਸ ਆਇਆ। ਪਰ ਮੈਂ ਬੇਬਸ ਸੀ।ਫਿਰ ਮੈਂ ਗੁੱਸੇ ਵਿੱਚ ਆ ਕੇ ਥੋੜੀ ਫੁਫੜ ਵਾਲੀ ਕਾਰਵਾਈ ਕੀਤੀ ਅਤੇ ਆਪਣੇ ਤੱਕੜੀ ਵੱਟੇ ਕਾਰ ਵਿੱਚ ਬਿਠਾ ਕੇ ਵਾਪਿਸ ਘਰ ਨੂੰ ਚੱਲ ਪਿਆ। ਮੇਰਾ ਵਿਚੋਲਗਿਰੀ ਵਾਲਾ ਕੀੜਾ ਆਪਣੀ ਬੇਜਿੱਤੀ ਕਰਵਾਕੇ ਮਰ ਗਿਆ। ਪਰ ਉਹ ਕੀੜਾ ਇੱਕਲਾ ਨਹੀਂ ਮਰਿਆ ਇੱਕ ਰਿਸ਼ਤੇ ਦੀ ਬਲੀ ਵੀ ਲੈ ਕੇ ਮਾਰਿਆ। ਉਸ ਤੋਂ ਬਾਦ ਆਪਣੀ ਰਾਮ ਰਾਮ ਦੀ ਸਾਂਝ ਵੀ ਖਤਮ ਹੋ ਗਈ। ਫਿਰ ਵੀ ਲੋਕ ਕਹਿੰਦੇ ਹਨ ਏਹ੍ਹ ਫੁਫੜ ਤੰਗ ਕਰਦੇ ਹਨ। ਜੁਆਈ ਤੇ ਫੁਫੜ ਤਾਂ ਬਦਨਾਮ ਹੀ ਹਨ।
Comments
Post a Comment