ਪੋਹ ਮਹੀਨਾ ਕਿਉਂ ਖਾਸ ਹੈ ਸਿੱਖ ਧਰਮ ਲਈ
ਦਸੰਬਰ (ਪੋਹ ) ਦਾ ਮਹੀਨਾ ਇਸ ਵਿੱਚ, ਕੋਈ 300 ਸਾਲ ਪਹਿਲਾਂ ਸਿੱਖ ਕੌਮ ਉੱਤੇ ਵਾਪਰੇ ਭਿਆਨਕ ਦਿਨਾਂ ਦੀ ਯਾਦ ਵਿੱਚ, ਪੰਜਾਬ ਦੀਆਂ ਕਈ ਥਾਵਾਂ ਉੱਤੇ ਸ਼ਹੀਦੀ ਜੋੜ ਮੇਲ ਕਰਵਾਏ ਜਾਂਦੇ ਹਨ। ਦੇਸੀ ਮਹੀਨੇ ਪੋਹ ਦੀਆਂ ਯਖ ਠੰਡੀਆਂ ਰਾਤਾਂ ਵਿੱਚ ਦਸਵੇਂ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦਾ ਸਮੁੱਚਾ ਪਰਿਵਾਰ ਅਤੇ ਸਿੰਘਾਂ ਨੇ ਆਪਣੀ ਜਾਨ ‘ਤੇ ਖੇਡਦੇ ਹੋਏ ਇੱਕ ਬੇਮਿਸਾਲ ਇਤਿਹਾਸ ਦੀ ਸਿਰਜਣਾ ਕੀਤੀ । ਦੁਨੀਆਂ ਦੇ ਇਤਿਹਾਸ ਵਿੱਚ ਅਜਿਹੀ ਅਦੁੱਤੀ ਸ਼ਹਾਦਤਾਂ ਦੀ ਦਾਸਤਾਨ ਕਿਤੇ ਵੀ ਨਹੀਂ ਮਿਲਦੀ। ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਤਾਂ ਪੱਥਰ ਦਿਲਾਂ ਨੂੰ ਵੀ ਪਿਘਲਾ ਦੇਣ ਵਾਲੀ ਹੈ। ਸਿੱਖ ਇਤਿਹਾਸ ਦੇ ਇਨ੍ਹਾਂ ਖ਼ੂਨੀ ਪੱਤਰਿਆਂ ਦਾ ਇਹ ਸਫ਼ਰ 6 ਪੋਹ ਤੋਂ ਲੈ ਕੇ 12 ਪੋਹ ਤੱਕ ਦੇ ਉਹ ਭੀਆਵਲੇ ਦਿਨ ਤੇ ਰਾਤਾਂ ਹਨ, ਜਿਨ੍ਹਾਂ ਵਿੱਚ ਸਿਦਕ, ਸਦਾਰਤ ਅਤੇ ਸ਼ਹਾਦਤ ਦੀ ਇੱਕ ਅਨੂਠੀ ਕਹਾਣੀ ਲਿਖੀ ਗਈ ।
6 ਪੋਹ ਨੂੰ ਸਵੇਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਵਸਾਏ ਚੱਕ ਨਾਨਕੀ (ਆਨੰਦਪੁਰ ਸਾਹਿਬ) ਨੂੰ ਅਲਵਿਦਾ ਆਖੀ। ਉਹ ਆਪਣੇ ਪਰਿਵਾਰ ਤੇ ਸਿੱਖ ਫੌਜਾਂ ਸਮੇਤ ਅਜੇ ਆਨੰਦਪੁਰੀ ਨੂੰ ਛੱਡ ਕੇ ਕੁਝ ਦੂਰੀ ਉੱਤੇ ਸਰਸਾ ਨਦੀ ਦੇ ਕਿਨਾਰੇ ਹੀ ਪਹੁੰਚੇ ਸਨ ਕਿ ਮੁਗਲਾਂ ਅਤੇ ਬਾਈਧਾਰ ਦੇ ਪਹਾੜੀ ਰਾਜਿਆਂ ਨੇ ਆਪਣੇ ਕੀਤੇ ਵਚਨਾਂ ਨੂੰ ਤੋੜਦਿਆਂ ਹੱਲਾ ਬੋਲ ਦਿੱਤਾ। ਇੱਕ ਪਾਸੇ ਕੁਦਰਤ ਦਾ ਕਹਿਰ ਬਣ ਕੇ ਸਰਸਾ ਨਦੀ ਚੜ੍ਹ ਆਈ ਤੇ ਦੂਜੇ ਪਾਸੇ ਦੁਸ਼ਮਣ। ਇਸ ਜੰਗ ਵਿੱਚ ਪੂਰਾ ਪਰਿਵਾਰ ਖੇਰੂੰ-ਖੇਰੂੰ ਹੋਇਆ ਤੇ ਸੈਂਕੜੇ ਸਿੰਘ ਸ਼ਹੀਦ ਹੋ ਗਏ ।
ਉਸੇ ਰਾਤ ਗੁਰੂ ਸਾਹਿਬ ਜੀ ਤੇ ਵੱਡੇ ਸਾਹਿਬਜ਼ਾਦੇ ਰੋਪੜ ਦੇ ਪਿੰਡ ਕੋਟਲਾ ਨਿਹੰਗ ਵਿਖੇ ਨਿਹੰਗ ਖਾਂ ਦੇ ਕਿਲੇ ਵਿੱਚ ਰਹੇ, ਜਿੱਥੇ ਗੁਰੂ ਜੀ ਨੇ ਨਿਵਾਸ ਕੀਤਾ ਸੀ ਉਹ ਥਾਂ ਅੱਜ ਵੀ ਕੋਟਲਾ ਨਿਹੰਗ ਪਿੰਡ ਵਿੱਚ ਮੌਜੂਦ ਹੈ । ਉਧਰ ਸਰਸਾ ਦੇ ਕੰਢੇ ਹੋਈ ਜੰਗ ਕਾਰਨ ਅਫਰਾ ਤਫਰੀ ਤੇ ਕਾਲੀ ਰਾਤ ਦੇ ਹਨੇਰੇ ਵਿਚ 7 ਤੇ 9 ਸਾਲ ਦੇ ਛੋਟੇ ਸਾਹਿਬਜ਼ਾਦੇ ਤੇ ਅੱਸੀਆਂ ਨੂੰ ਢੁੱਕ ਚੁੱਕੀ ਦਾਦੀ ਮਾਤਾ ਗੁਜਰੀ ਜੀ ਨੇ ਗੁਰੂ ਘਰ ਦੇ ਸ਼ਰਧਾਲੂ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਆ ਟਿਕਾਣਾ ਕੀਤਾ।
7 ਪੋਹ ਨੂੰ ਗੁਰੂ ਪਿਤਾ, ਵੱਡੇ ਸਾਹਿਬਜ਼ਾਦੇ ਤੇ 40 ਸਿੰਘ ਸ਼ਾਮ ਢਲਦਿਆਂ ਨੂੰ ਚਮਕੌਰ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਨੇ ਗੜ੍ਹੀ ਵਿੱਚ ਡੇਰਾ ਲਾਇਆ। ਦੂਜੇ ਪਾਸੇ ਇਸੇ ਦਿਨ ਹੀ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਗੁਰੂ ਘਰ ਦਾ ਪੁਰਾਣਾ ਰਸੋਈਆ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ ਸੀ। ਹੁਣ ਇਸ ਪਿੰਡ ਦਾ ਨਾਂ ਸਹੇੜੀ ਵੱਜਦਾ ਹੈ ਜੋ ਮੋਰਿੰਡਾ ਸ਼ਹਿਰ ਦੇ ਨੇੜੇ ਪੈਂਦਾ ਹੈ।
8 ਪੋਹ ਨੂੰ ਚਮਕੌਰ ਦੀ ਧਰਤੀ ‘ਤੇ ਸਿੰਘਾਂ ਅਤੇ ਮੁਗਲਾਂ ਵਿਚਾਲੇ ਦੁਨੀਆਂ ਦੇ ਇਤਿਹਾਸ ਦੀ ਸਭ ਤੋਂ ਅਸਾਵੀਂ ਜੰਗ ਲੜੀ ਗਈ। ਇਸ ਗਹਿਗੱਚ ਯੁੱਧ ਵਿੱਚ ਦੋਵੇਂ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ (ਉਮਰ 17 ਸਾਲ), ਬਾਬਾ ਜੁਝਾਰ ਸਿੰਘ (ਉਮਰ 14 ਸਾਲ), ਪੰਜਾ ਪਿਆਰਿਆਂ ਵਿੱਚੋਂ ਪਿਆਰੇ ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ ਤੇ ਭਾਈ ਸਾਹਿਬ ਸਿੰਘ ਤੇ 37 ਸਿੰਘ ਸ਼ਹੀਦੀਆਂ ਪਾ ਗਏ । ਪੰਜ ਸਿੰਘਾਂ ਦੇ ਹੁਕਮ ਨੂੰ ਮੰਨਦਿਆਂ ਗੁਰੂ ਸਾਹਿਬ ਤਿੰਨ ਸਿੰਘਾਂ ਸਮੇਤ ਗੜ੍ਹੀ ਵਿੱਚੋਂ ਚਲੇ ਗਏ । ਗੁਰੂ ਗੋਬਿੰਦ ਸਿੰਘ ਜੀ ਦਾ ਇਸ ਭਿਆਨਕ ਜੰਗ ਵਿਚੋਂ ਬਚ ਕੇ ਨਿਕਲ ਜਾਣਾ ਇਕ ਤਰ੍ਹਾਂ ਨਾਲ ਸ਼ਾਹੀ ਫੌਜਾਂ ਦੀ ਹਾਰ ਹੀ ਸੀ।
ਉਧਰ ਗੰਗੂ ਦੀ ਗੱਦਾਰੀ ਕਾਰਨ ਮੋਰਿੰਡੇ ਦੇ ਚੌਧਰੀ ਗਨੀ ਖਾਨ ਤੇ ਮਨੀ ਖਾਨ ਨੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਘਰੋਂ ਗ੍ਰਿਫਤਾਰ ਕਰ ਲਿਆ ਸੀ ਤੇ 8 ਪੋਹ ਦੀ ਰਾਤ ਨੂੰ ਹੀ ਦੋਵੇਂ ਮਾਸੂਮ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਮੋਰਿੰਡੇ ਦੀ ਕੋਤਵਾਲੀ ‘ਚ ਕੈਦ ਕਰਕੇ ਰੱਖਿਆ ਗਿਆ।
9 ਪੋਹ ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਹੁਕਮ ‘ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਲਿਜਾਇਆ ਗਿਆ ਤੇ ਠੰਢੇ ਬੁਰਜ ਵਿੱਚ ਕੈਦ ਕੀਤਾ ਗਿਆ।
10 ਤੇ 11 ਪੋਹ ਦੋ ਦਿਨ ਕਚਹਿਰੀ ਲਗਦੀ ਰਹੀ। ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਲਗਾਤਾਰ 3 ਵਾਰ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ, ਇਸ ਦੌਰਾਨ ਉਨਾਂ ਨੂੰ ਡਰਾਇਆ-ਧਮਕਾਇਆ ਵੀ ਗਿਆ, ਸਰੀਰਕ ਤਸ਼ੱਦਦ ਵੀ ਕੀਤਾ ਗਿਆ, ਪਰ ਉਨ੍ਹਾਂ ਨੇ ਇਸਲਾਮ ਕਬੂਲ ਕਰਨਾ ਪ੍ਰਵਾਨ ਨਾ ਕੀਤਾ।
ਆਖਰ 12 ਪੋਹ ਨੂੰ ਬਾਬਾ ਜ਼ੋਰਾਵਰ ਸਿੰਘ (ਉਮਰ 9 ਸਾਲ) ਤੇ ਬਾਬਾ ਫਤਿਹ ਸਿੰਘ (ਉਮਰ 7 ਸਾਲ) ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ।
ਠੰਡੇ ਬੁਰਜ ਵਿਚ ਕੈਦ ਮਾਤਾ ਗੁਜਰੀ ਜੀ ਨੂੰ ਜ਼ਾਲਮ ਹਕੂਮਤ ਨੇ ਦੱਸਿਆ ਕੇ ਆਪ ਜੀ ਦੇ ਪੋਤੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿਤੇ ਨੇ ਤਾਂ ਮਾਤਾ ਗੁਜਰੀ ਜੀ ਉਸ ਅਕਾਲ ਪੁਰਖ ਦਾ ਧਿਆਨ ਕਰਦੇ ਓਏ ਆਪਣੇ ਸਵਾਸ ਤਿਆਗ ਦਿਤੇ 🙏🙏🙏.....
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
Comments
Post a Comment