13 ਅਪ੍ਰੈਲ 1919 ਭਾਰਤੀ ਆਜ਼ਾਦੀ ਸੰਘਰਸ਼ ਵਿਚ ਇਕ ਨਾ ਭੁੱਲਣਯੋਗ ਤਾਰੀਕ ਹੈ।ਇਸ ਦਿਨ ਅੱਜ ਤੋਂ ਲਗਭਗ ਸੋ ਵਰੇ ਪਹਿਲਾਂ ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਵਿਚ ਵੱਡਾ ਖੂਨੀ ਸਾਕਾ ਵਾਪਰਿਆ।ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਸੀ ਅਤੇ ਨਾ ਹੀ ਜਨਰਲ ਡਾਇਰ ਦੇ ਕਿਸੇ ਮਾਨਸਿਕ ਹਾਲਾਤ ਜਾਂ ਪਾਗਲਪਨ ਦਾ ਨਤੀਜਾ ਸੀ। ਲਗਭਗ 20000 ਲੋਕਾਂ ਦੇ ਸ਼ਾਂਤੀਪੂਰਵਕ ਇਕੱਠ ਉੱਪਰ ਗੋਲੀਆਂ ਦੀ ਵਰਖਾ ਕਰਕੇ ਲੋਥਾਂ ਦਾ ਢੇਰ ਲਾਉਣਾ ਅੰਗਰੇਜ਼ ਸਾਮਰਾਜੀ ਹਕੂਮਤ ਦੀ ਸੋਚੀ ਸਮਝੀ ਸਾਜਿਸ਼ ਸੀ।ਰੋਲਟ ਐਕਟ ਵਰਗੇ ਕਾਲੇ ਕਾਨੂੰਨਾਂ ਖਿਲਾਫ ਖੜੀ ਹੋਈ ਇੱਕ ਵੱਡੀ ਲੋਕ ਲਹਿਰ ਤੋਂ ਡਰੀ ਅੰਗਰੇਜ਼ ਸਰਕਾਰ ਇਸ ਆਜ਼ਾਦੀ ਸੰਘਰਸ਼ ਨੂੰ ਦਬਾਉਣ ਲਈ ਹਰ ਹੀਲਾ ਵਰਤ ਰਹੀ ਸੀ।
ਪਹਿਲੀ ਸੰਸਾਰ ਜੰਗ ਤੋਂ ਬਾਅਦ ਪੰਜਾਬ ਦੀ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸਥਿਤੀ ਖਰਾਬ ਹੋਣ ਤੋਂ ਬਾਅਦ ਕਿਸਾਨੀ ਕਰਜ਼ੇ ਹੇਠ ਦੱਬੀ ਗਈ, ਲੋਕਾਂ ਦੀਆਂ ਜ਼ਮੀਨਾ ਗਹਿਣੇ ਪੈਣ ਲੱਗੀਆਂ, ਬਹੁਤ ਸਾਰੇ ਬੈਂਕ ਫੇਲ ਹੋ ਗਏ ਅਤੇ ਕੰਪਨੀਆਂ ਬੰਦ ਹੋਣ ਕਿਨਾਰੇ ਆ ਗਈਆਂ। ਲਗਭਗ 12800 ਦੇ ਕਰੀਬ ਪੰਜਾਬੀ ਫੌਜੀ ਜੰਗ ਵਿੱਚ ਸ਼ਹੀਦ ਹੋਏ।25000 ਦੇ ਕਰੀਬ ਫੌਜੀ ਲਾਪਤਾ ਜਾਂ ਜਖਮੀ ਹੋਏ ਅਤੇ ਕੁਝ ਕੈਦੀ ਬਣਾ ਲਏ ਗਏ।ਸਮੁੱਚੇ ਦੇਸ਼ ਦੇ ਲੋਕਾਂ ਵਿਚ ਬੇਚੈਨੀ ਵਧ ਗਈ।ਲੋਕਾਂ ਅੰਦਰ ਵਧ ਰਹੀ ਸਾਮਰਾਜਵਾਦ ਵਿਰੋਧੀ ਜਵਾਲਾ ਨੂੰ ਦਬਾਉਣ ਲਈ 18 ਮਾਰਚ 1919 ਨੂੰ ਇਕ ਬਿਲ 'ਅਰਾਜਕਤਾਵਾਦੀ ਅਤੇ ਕ੍ਰਾਂਤੀਕਾਰੀ ਜ਼ੁਰਮ ਐਕਟ' ਅੰਗਰੇਜ਼ ਹਕੂਮਤ ਵਲੋਂ ਪਾਸ ਕੀਤਾ ਗਿਆ।ਇਸ ਨੂੰ ਰੋਲਟ ਐਕਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।ਇਸ ਕਾਨੂੰਨ ਰਾਹੀਂ ਹਕੂਮਤ ਦੇ ਵਿਰੋਧ ਵਿਚ ਉਠ ਰਹੀ ਜਾਂ ਉਠ ਸਕਦੀ ਕਿਸੇ ਵੀ ਆਵਾਜ਼ ਨੂੰ ਕੁਚਲਣ ਲਈ ਅਥਾਹ ਸ਼ਕਤੀ ਮਿਲ ਸਕਦੀ ਸੀ।ਇਸ ਰਾਹੀ ਪੁਲਿਸ ਅਤੇ ਫੌਜ ਦੀਆਂ ਸ਼ਕਤੀਆਂ ਵਿਚ ਵਾਧਾ ਕੀਤਾ ਗਿਆ।
ਪੂਰੇ ਭਾਰਤ ਵਿਚ ਇਸਦਾ ਵਿਰੋਧ ਹੋਇਆ ਪਰ ਅੰਮ੍ਰਿਤਸਰ ਇਸ ਐਕਟ ਦੇ ਵਿਰੋਧ ਦਾ ਗੜ ਬਣਿਆ।ਫਰਵਰੀ 1919 ਵਿਚ ਬਿਲ ਪੇਸ਼ ਹੋਣ ਤੋ ਤੁਰੰਤ ਬਾਅਦ ਹੀ ਇਸਦਾ ਵਿਰੋਧ ਹੋਣਾ ਆਰੰਭ ਹੋ ਗਿਆ।ਫਰਵਰੀ ਅਤੇ ਮਾਰਚ ਮਹੀਨੇ ਹੋਏ ਰੋਸ ਪ੍ਰਦਰਸ਼ਨਾਂ ਅਤੇ ਮੀਟਿੰਗਾਂ ਤੋਂ ਬਾਅਦ 30 ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਗਿਆ। 30 ਮਾਰਚ ਦੀ ਸ਼ਾਮ ਨੂੰ ਜਲ੍ਹਿਆਂਵਾਲਾ ਬਾਗ ਵਿਚ ਲਗਭਗ 30000 ਲੋਕਾਂ ਦਾ ਭਾਰੀ ਇਕੱਠ ਹੋਇਆ।ਡਾ: ਸਤਿਆਪਾਲ, ਡਾ: ਸੈਫ-ਉਦ-ਦੀਨ ਕਿਚਲੂ, ਬਦਰਉਲ ਇਸਲਾਮ ਅਤੇ ਲਾਲ ਕਨੱਈਆ ਲਾਲ ਦਾ ਇਸ ਵਿਚ ਅਹਿਮ ਯੋਗਦਾਨ ਰਿਹਾ। 30 ਮਾਰਚ ਤੋਂ ਬਾਅਦ 6 ਅਪ੍ਰੈਲ ਨੂੰ ਦੁਬਾਰਾ ਹੜਤਾਲ ਦਾ ਸੱਦਾ ਦਿੱਤਾ ਗਿਆ। 6 ਅਪ੍ਰੈਲ ਦੀ ਹੜਤਾਲ ਦੀ ਸਫਲਤਾ ਤੋਂ ਘਬਰਾਈ ਹਕੂਮਤ ਨੇ ਡਾ: ਸਤਿਆਪਾਲ ਅਤੇ ਡਾ: ਕਿਚਲੂ ਨੂੰ ਗ੍ਰਿਫਤਾਰ ਕਰਕੇ 9 ਅਪ੍ਰੈਲ ਨੂੰ ਧਰਮਸ਼ਾਲਾ ਜੇਲ੍ਹ ਵਿਚ ਬੰਦ ਕਰ ਦਿੱਤਾ। ਇਸੇ ਹੀ ਦਿਨ 9 ਅਪ੍ਰੈਲ ਨੂੰ ਅੰਮ੍ਰਿਤਸਰ ਵਿਚ ਰਾਮਨੌਮੀ ਦੇ ਮੋਕੇ ਤੇ ਵਡਾ ਜਲੂਸ ਲੋਕਾਂ ਵਲੋ ਕੱਢਿਆ ਗਿਆ। ਵੱਡੀ ਗਿਣਤੀ ਵਿੱਚ ਲੌਕ ਪਿੰਡਾਂ ਤੋਂ ਸ਼ਾਮਲ ਹੋਏ।ਇਸ ਜਲੂਸ ਦੀ ਖਾਸ ਗਲ ਇਹ ਸੀ ਕਿ ਸਭ ਧਰਮਾਂ ਦੇ ਲੋਕ ਇਸ ਵਿਚ ਇਕੱਠੇ ਹੋਏ।ਹਿੰਦੂ, ਸਿੱਖ ਅਤੇ ਮੁਸਲਮਾਨਾਂ ਨੇ ਇਕੱਠੇ ਇਹ ਤਿਉਹਾਰ ਮਨਾਇਆ। 9 ਅਪ੍ਰੈਲ 1919 ਦੀ ਰਾਮਨੌਮੀ ਲੋਕਾਂ ਦੀ ਸਾਮਰਾਜੀ ਵਿਰੋਧੀ ਚੇਤਨਾ ਅਤੇ ਏਕੇ ਦਾ ਸਬੂਤ ਸੀ।
ਲੋਕਾਂ ਦੇ ਇਸ ਏਕਤਾ ਨੂੰ ਦਬਾਉਣ ਲਈ ਹਕੂਮਤ ਨੇ ਤਿਆਰੀਆਂ ਆਰੰਭ ਦਿੱਤੀਆਂ। ਆਗੂਆਂ ਦੀਆਂ ਗ੍ਰਿਫਤਾਰੀਆਂ ਹੋਣ ਲੱਗੀਆਂ। 10 ਅਪ੍ਰੈਲ ਨੂੰ ਰੇਲਵੇ ਪੁਲ ਅੰਮ੍ਰਿਤਸਰ ਵਿਖੇ ਡਾ: ਸਤਿਆਪਾਲ ਅਤੇ ਡਾ: ਕਿਚਲੂ ਦੀ ਰਿਹਾਈ ਦੀ ਮੰਗ ਕਰਦੇ ਵੱਡੀ ਗਿਣਤੀ ਸ਼ਾਂਤਮਈ ਲੋਕਾਂ ਨੂੰ ਰੋਕਣ ਲਈ ਪੁਲਸ ਪ੍ਰਸ਼ਾਸਨ ਨੇ ਗੋਲੀ ਚਲਾਈ।20 ਲੋਕਾਂ ਦੀ ਮੋਤ ਹੋਈ ਅਤੇ ਕਈ ਹੋਰ ਜਖਮੀ ਹੋਏ ।ਪੁਲਿਸ ਦੀ ਇਸ ਵਹਿਸ਼ੀਆਨਾ ਕਾਰਵਾਈ ਤੋਂ ਭੜਕੇ ਲੋਕਾਂ ਨੇ ਦਫਤਰਾਂ ਦੀ ਭੰਨਤੋੜ ਕੀਤੀ।
10 ਅਪ੍ਰੈਲ ਦੀਆਂ ਘਟਨਾਵਾਂ ਤੋਂ ਬਾਅਦ ਅੰਮ੍ਰਿਤਸਰ ਵਿਚ ਹੋਰ ਫੌਜ ਸੱਦ ਲਈ ਗਈ। 11 ਅਪ੍ਰੈਲ ਨੂੰ ਜਲੰਧਰ ਤੋਂ ਬ੍ਰਿਗੇਡੀਅਰ ਜਨਰਲ ਡਾਇਰ ਨੂੰ ਅਮ੍ਰਿਤਸਰ ਬੁਲਾਇਆ ਗਿਆ। ਸਾਰਾ ਸ਼ਹਿਰ ਫੌਜ ਦੇ ਹਵਾਲੇ ਕਰ ਦਿੱਤਾ ਗਿਆ।ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਇਕਲ ਉਡਵਾਇਰ ਵੱਲੋਂ ਮਾਰਸ਼ਲ ਲਾਅ ਲਾਗੂ ਕਰਨ ਲਈ ਭੇਜਿਆ ਸੁਝਾਅ ਵਾਇਸਰਾਏ ਦੀ ਪ੍ਰਵਾਨਗੀ ਤੋਂ ਬਾਅਦ 14 ਅਪ੍ਰੈਲ ਨੂੰ ਪ੍ਰਾਪਤ ਹੋਇਆ ਪਰ ਫੌਜ ਦੁਆਰਾ ਮਾਰਸ਼ਲ ਲਾਅ ਦੀ ਵਰਤੋਂ 12 ਅਪ੍ਰੈਲ ਤੋਂ ਹੀ ਸ਼ੁਰੂ ਹੋ ਗਈ।ਇਕੱਠਾਂ ਤੇ ਗੋਲੀ ਚਲਾਉਣ ਦੇ ਹੁਕਮ ਜਾਰੀ ਹੋ ਗਏ। 12 ਅਪ੍ਰੈਲ ਨੂੰ ਡਾਇਰ ਦੀ ਅਗਵਾਈ ਵਿਚ ਹਥਿਆਰਬੰਦ ਫੌਜ ਦੁਆਰਾ ਸ਼ਹਿਰ ਵਿਚ ਫਲੈਗ ਮਾਰਚ ਕੀਤਾ ਗਿਆ।ਇਸਦਾ ਮਤਲਬ ਲੋਕਾਂ ਵਿਚ ਦਹਿਸ਼ਤ ਫੈਲਾਉਣਾਂ ਸੀ। ਅੰਗਰੇਜ਼ ਸਰਕਾਰ ਵੱਲੋਂ ਕਈ ਪ੍ਰਕਾਰ ਦੀਆ ਪਾਬੰਦੀਆਂ ਜਿਵੇਂ ਰੇਲਵੇ ਟਿਕਟਾਂ ਦੀ ਵਿਕਰੀ ਤੇ ਰੋਕ, ਜਲਸੇ ਜਲੂਸ ਤੇ ਪਾਬੰਦੀ, ਰਾਤ ਅੱਠ ਵਜੇ ਤੋਂ ਬਾਅਦ ਕਰਫਿਊ, ਕਰਫਿਊ ਦੋਰਾਨ ਗੋਲੀ ਦੇ ਹੁਕਮ, ਬਿਜਲੀ ਬੰਦ ਕਰਨ, ਪਾਣੀ ਦੀ ਸਪਲਾਈ ਬੰਦ ਕਰਨ ਆਦਿ ਦੇ ਹੁਕਮ ਜਾਰੀ ਕੀਤੇ ਗਏ ਅਤੇ ਜਨਰਲ ਡਾਇਰ ਨੇ ਖੁਦ4-5 ਘੰਟੇ ਸ਼ਹਿਰ ਦੀਆਂ ਸੜਕਾਂ ਤੇ ਮੁਨਾਦੀ ਕੀਤੀ।
ਜਨਰਲ ਡਾਇਰ ਦੀ ਮੁਨਾਦੀ ਤੋਂ ਬਾਅਦ ਹਲਵਾਈ ਬੱਲੋ ਨੇ ਪੀਪਾ ਖੜਕਾ ਕੇ ਜਲ੍ਹਿਆਂਵਾਲਾ ਬਾਗ ਇਕੱਠੇ ਹੋਣ ਦੀ ਮੁਨਾਦੀ ਕੀਤੀ। 10000 ਦੀ ਵੱਡੀ ਗਿਣਤੀ ਲੋਕਾਂ ਨੇ ਜਲ੍ਹਿਆਂਵਾਲਾ ਬਾਗ ਵਿਚਲੇ ਜਲਸੇ ਵਿਚ ਸ਼ਮਹੂਲੀਅਤ ਕੀਤੀ। ਜਿਸਦੀ ਇਤਲਾਹ ਮਿਲਣ ਤੇ 303 ਬੰਦੂਕਾਂ ਨਾਲ ਫੌਜ ਦੀ ਟੁਕੜੀ ਅਤੇ ਮਸ਼ੀਨਗੰਨ ਵਾਲੀਆਂ ਦੋ ਆਰਮਡ ਕਾਰਾਂ ਨਾਲ ਡਾਇਰ ਨੇ ਆਪਣੇ ਹੋਰ ਅਫਸਰਾਂ ਨਾਲ ਜਲ੍ਹਿਆਂਵਾਲਾ ਬਾਗ ਵੱਲ ਕੂਚ ਕੀਤਾ। ਫੌਜੀ ਟੁਕੜੀ ਨੂੰ ਉੱਚੀ ਥਾਂ ਤੇ ਤਾਇਨਾਤ ਕਰਕੇ ਡਾਇਰ ਨੇ ਬਿਨਾ ਚੇਤਾਵਨੀ ਦੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਇਸ ਵੇਲੇ ਸ਼ਾਮ ਦੇ 5.15 ਦਾ ਵਕਤ ਸੀ।ਕੋਈ 1650 ਗੋਲੀਆਂ ਦੇ ਰਾਊਡ ਚਲਾਏ ਗਏ।ਚਹੁਮ ਪਾਸੀਂ ਤਬਾਹੀ ਮਚੀ ਹੋਈ ਸੀ। ਬਾਗ ਦੇ ਚਾਰੇ ਪਾਸੇ ਪੰਜ ਤੋਂ ਅੱਠ ਫੁੱਟ ਤੱਕ ਉੱਚੀਆਂ ਕੰਧਾਂ ਸਨ ਇੱਕ ਦੋ ਤੰਗ ਗਲੀਆਂ ਰਾਹੀਂ ਹੀ ਬਾਹਰ ਨਿਕਲਿਆ ਜਾ ਸਕਦਾ ਸੀ।ਲੋਕ ਇੱਕ ਦੂਜੇ ਦੇ ਉੱਤੇ ਡਿੱਗ ਰਹੇ ਸਨ। ਗੋਲੀਆਂ ਦੇ ਮੂੰਹ ਬਾਹਰ ਨਿਕਲਣ ਵਾਲੇ ਰਾਹਾਂ ਤੇ ਸਭ ਤੋਂ ਵੱਧ ਸਨ। ਡਾਇਰ ਦਾ ਇਹ ਕਹਿਰ ਉਸਦੇ ਗੋਲੀ ਸਿੱਕਾ ਖਤਮ ਹੋਣ ਨਾਲ ਹੀ ਮੁੱਕਿਆ। ਲਗਭਗ 1000 ਦੇ ਕਰੀਬ ਲੋਕ ਮਾਰੇ ਗਏ। ਜ਼ਖਮੀਆਂ ਦੀ ਗਿਣਤੀ ਇਸ ਤੋਂ ਵੀ ਕਿਤੇ ਜ਼ਿਆਦਾ ਸੀ। ਲਾਸ਼ਾਂ ਨੂੰ ਸੰਭਾਲਣ ਅਤੇ ਮਰਹਮ ਪੱਟੀ ਦਾ ਕੋਈ ਇੰਤਜਾਮ ਨਾ ਕੀਤਾ ਗਿਆ। ਮਾਰੇ ਜਾਣ ਵਾਲਿਆਂ ਦੇ ਸਾਕ ਸਬੰਧੀ ਵੀ ਕਰਫਿਊ ਕਰਕੇ ਲਾਸ਼ਾਂ ਕੋਲ ਨਾ ਆ ਸਕੇ ਅਤੇ ਸਵੇਰ ਹੋਣ ਦੀ ਉਡੀਕ ਕਰਦੇ ਰਹੇ। ਹਨਟਰ ਕਮੇਟੀ ਅੱਗੇ ਦਿੱਤੇ ਬਿਆਨ ਤੋਂ ਪਤਾ ਲਗਦਾ ਹੈ ਜਿਸ ਵਿਚ ਜਨਰਲ ਡਾਇਰ ਨੇ ਕਿਹਾ ਕਿ ਉਸਨੇ ਗੋਲੀ ਲੋਕਾਂ ਨੂੰ ਮਾਰਨ ਲਈ ਚਲਾਈ ਅਤੇ ਇਸ ਤਰਾਂ ਉਹ ਲੋਕਾਂ ਨੂੰ ਹਕੂਮਤ ਵਿਰੁੱਧ ਬੋਲਣ ਦੇ ਗੁਨਾਹ ਕਰਕੇ ਸਬਕ ਸਿਖਾਉਣਾ ਚਾਹੁੰਦਾ ਸੀ। ਇਸ ਘਟਨਾ ਉਪਰੰਤ ਮਾਰਸ਼ਲ ਲਾਅ ਦੌਰਾਨ ਜੋ ਪੰਜਾਬੀਆਂ ਨੂੰ ਭੁਗਤਣਾ ਪਿਆ, ਇਤਿਹਾਸ ਗਵਾਹ ਹੈ। ਬਰਤਾਂਨਵੀ ਹਕੂਮਤ ਨੇ ਲੋਕਾਂ ਨੂੰ ਰੀਂਘਣ ਲਾ ਦਿੱਤਾ। ਉਹਨਾਂ ਨੂੰ ਗਲੀਆਂ ਵਿਚੋਂ ਰੀਂਘ ਕੇ ਲੰਘਣਾ ਪੈਂਦਾ ਸੀ। ਹੁਕਮ ਦੀ ਤਾਲੀਮ ਨਾ ਕਰਨ ਵਾਲੇ ਨੂੰ ਬੈਂਤਾਂ ਦੀ ਮਾਰ ਖਾਣੀ ਪੈਂਦੀ ਸੀ।ਲੋਕਾਂ ਉੱਪਰ ਬੇਇੰਤਹਾ ਜ਼ੁਲਮ ਢਾਹੇ ਗਏ।
ਲਹੂ ਰੱਤੀ ਮਿੱਟੀ ਕਿੰਨੇ ਹੀ ਸੰਗਰਾਮੀਆਂ ਨੇ ਆਪਣੇ ਸੀਨੇ ਲਗਾਈ। ਇਤਿਹਾਸਕ ਪ੍ਰੇਰਨਾ ਦੇ ਚਿੰਨ, ਗੋਲੀਆਂ ਦੇ ਨਿਸ਼ਾਨ, ਸ਼ਹੀਦੀ ਖੂਹ, ਕੰਧਾਂ ਅਤੇ ਇਤਿਹਾਸਕ ਪ੍ਰਮਾਣ ਸਭ ਨੂੰ ਹਕੀਕੀ ਸਰੂਪ ਵਿਚ ਅਜੋਕੀ ਅਤੇ ਆਉਣ ਵਾਲੀ ਪੀੜੀ ਲਈ ਸੰਭਾਲਿਆ ਜਾਣਾ ਚਾਹੀਦਾ ਹੈ ਪਰ ਜਲ੍ਹਿਆਂਵਾਲਾ ਬਾਗ ਦੀ ਇਤਿਹਾਸਕਤਾ ਮਿਟਾ ਕੇ, ਇਸਨੂੰ ਸੈਰਗਾਹ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਆਉਣ ਵਾਲੀਆਂ ਪੀੜੀਆਂ ਕੋਲੋਂ ਮੁਲਕ ਦੇ ਆਜ਼ਾਦੀ ਸੰਗਰਾਮ ਦੇ ਤਿੱਖੇ ਇਤਿਹਾਸਕ, ਇਨਕਲਾਬੀ ਮੋੜ ਪੈਦਾ ਕਰਨ ਵਾਲੀ ਯਾਦਗਾਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਕੌਮੀ ਵਿਰਾਸਤ ਦੇ ਚਾਨਣ ਮੁਨਾਰੇ ਦੀ ਸਾਂਭ ਸੰਭਾਲ ਅਤੇ ਰਾਖੀ ਲਈ ਜਨਤਕ ਵਿਰੋਧ ਲਾਜ਼ਮੀ ਹੈ।
Comments
Post a Comment