ਪੰਜਾਬ ਦਾ ਸੀਨਾ ਪਾੜ ਕੇ ਲੰਘਦੀ ਰਾਜਸਥਾਨ ਕਨਾਲ !
ਪੰਜਾਬ ਪੰਜ ਪਾਣੀਆਂ ਦੀ ਧਰਤੀ ਪਰ ਪਾਣੀ ਤਾਂ ਲੁੱਟਿਆ ਜਾ ਰਿਹੈ ਤੇ ਪੰਜਾਬ ਦਿਨੋਂ-ਦਿਨ ਮਾਰੂਥਲ ਵੱਲ ਵਧ ਰਿਹੈ ।
SYL 'ਤੇ ਸਿਆਸਤ ਸਰਗਰਮ ਹੈ ਪਰ ਅਖ਼ਬਾਰਾਂ ਦੀਆਂ ਸੁਰਖੀਆਂ ਤੋਂ ਓਹਲੇ ਮਾਲਵੇ ਨੂੰ ਰੀਚਾਰਜ ਕਰਕੇ ਲੰਘਦੀ ਰਾਜਸਥਾਨ ਕਨਾਲ ਪੱਕੀ ਕੀਤੀ ਜਾ ਰਹੀ ਹੈ ।
ਜਿਹੜਾ ਨਾ ਤਾਂ ਅਖ਼ਬਾਰਾਂ ਦਾ ਮੁੱਦਾ ਤੇ ਨਾ ਹੀ ਵਿਰੋਧੀ ਧਿਰ ਦਾ ਮੁੱਦਾ ਹੈ ।
ਰਾਜਸਥਾਨ ਕਨਾਲ ਜੀਹਨੂੰ ਇੰਦਰਾ ਗਾਂਧੀ ਕਨਾਲ ਵੀ ਕਿਹਾ ਜਾਂਦੈ, ਸਤਲੁਜ ਤੇ ਬਿਆਸ ਦੇ ਮੇਲ 'ਚੋਂ ਹਰੀਕਿਆਂ ਤੋਂ ਨਿਕਲ ਕੇ ਮਾਲਵੇ 'ਚੋਂ ਹੁੰਦੀ ਹੋਈ ਹਨੂੰਮਾਨਗੜ੍ਹ-ਬੀਕਾਨੇਰ ਤੇ ਜੈਸਲਮੇਰ ਤੱਕ 650 KM ਦੂਰ ਲਿਜਾ ਕੇ ਸੁੱਟਦੀ ਐ ਪੰਜਾਬ ਦੇ ਪਾਣੀ ਨੂੰ !
1 ਮਿੰਟ 'ਚ ਪੰਜਾਬ ਦਾ 3 ਕਰੋੜ ਲੀਟਰ ਪਾਣੀ ਬਾਹਰ ਲਿਜਾਣ ਵਾਲ਼ੀ ਇਸ ਨਹਿਰ ਨੂੰ ਅੱਜ-ਕੱਲ੍ਹ ਪੱਕਾ ਕੀਤਾ ਜਾ ਰਿਹੈ ।
ਪੰਜਾਬ 'ਚ ਇਹ ਨਹਿਰ 169 KM ਵਹਿੰਦੀ ਹੈ, ਪੰਜਾਬ ਦੇ ਤਿੰਨ ਜ਼ਿਲ੍ਹਿਆਂ ਫ਼ਿਰੋਜ਼ਪੁਰ, ਫ਼ਰੀਦਕੋਟ ਤੇ ਸ੍ਰੀ ਮੁਕਤਸਰ ਸਾਹਿਬ ਦੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦਾ ਕੰਮ ਇਹ ਨਹਿਰ ਬਾਖੂਬੀ ਨਿਭਾ ਰਹੀ ਹੈ ਤਾਂ ਹੀ ਬਾਕੀ ਮਾਲਵੇ ਦੇ ਮੁਕਾਬਲੇ ਇਨ੍ਹਾਂ ਜ਼ਿਲ੍ਹਿਆਂ 'ਚ ਪਾਣੀ ਦਾ ਪੱਧਰ ਬਹੁਤਾ ਨੀਵਾਂ ਨਹੀਂ ।
ਪਰ ਰਾਜਸਥਾਨ ਕਨਾਲ ਦੇ ਪੱਕਾ ਹੋਣ ਨਾਲ ਇਹ ਪੱਧਰ ਨੀਵਾਂ ਹੋ ਸਕਦੈ ਕਿਉਂਕਿ ਜੇਕਰ ਨਹਿਰ ਪੱਕੀ ਹੁੰਦੀ ਹੈ ਤਾਂ ਧਰਤੀ ਹੇਠਲਾ ਪਾਣੀ ਰੀਚਾਰਜ ਨਹੀਂ ਹੋਵੇਗਾ ।
ਇੱਕ ਅਨੁਮਾਨ ਅਨੁਸਾਰ ਪੰਜਾਬ ਨੂੰ 69 MAF (ਮਿਲੀਅਨ ਏਰੀਆ ਫੁੱਟ) ਪਾਣੀ ਦੀ ਲੋੜ ਹੈ ਪਰ ਪੰਜਾਬ ਦਾ 75% ਪਾਣੀ ਕੇਂਦਰ ਨੇ ਦੂਜੇ ਸੂਬਿਆਂ ਨੂੰ ਵੰਡਿਆ ਹੋਇਐ ।
ਰਾਜਸਥਾਨ ਕਨਾਲ ਪੰਜਾਬ ਦਾ 7.6 MAF (ਮਿਲੀਅਨ ਏਰੀਆ ਫੁੱਟ) ਪਾਣੀ ਪੰਜਾਬ ਤੋਂ ਬਾਹਰ ਲੈ ਕੇ ਜਾ ਰਹੀ ਹੈ ।
ਪਾਣੀਆਂ ਦੇ ਮੁੱਦੇ 'ਤੇ ਪੰਜਾਬ ਵਿਧਾਨ ਸਭਾ 'ਚ ਵਾਰ-ਵਾਰ ਰਾਜਸਥਾਨ ਤੋਂ ਰੌਇਲਟੀ ਮੰਗਣ ਦੀ ਮੰਗ ਉੱਠਦੀ ਰਹੀ ਹੈ, ਪਰ The Reorganisation Act ਦੇ Casual 78, 79 ਤੇ 80 ਅਨੁਸਾਰ ਕੇਂਦਰ ਨੇ ਪੰਜਾਬ ਦੇ ਪਾਣੀਆਂ ਦੇ ਹੱਕ ਆਪਣੇ ਕੋਲ ਰੱਖੇ ਹੋਏ ਹਨ, ਜੋ ਕਿ ਰਿਪੇਰੀਅਨ ਕਾਨੂੰਨ ਦੇ ਬਿਲਕੁਲ ਉਲਟ ਹਨ।
ਰਾਜਸਥਾਨ ਕਨਾਲ ਦਾ ਕੰਮ 1952 ਵਿੱਚ ਸ਼ੁਰੂ ਹੋਇਆ ਸੀ, ਹਾਲਾਂਕਿ 650 ਕਿਲੋਮੀਟਰ ਦੇ ਇਸ ਪ੍ਰੋਜੈਕਟ ਨੂੰ ਵਿਸ਼ਵ ਬੈਂਕ ਨੇ ਨਕਾਰ ਦਿੱਤਾ ਸੀ, ਪਰ ਕੇਂਦਰੀ ਮੰਤਰੀ ਗੁਲਜ਼ਾਰੀ ਲਾਲ ਨੰਦਾ ਨੇ ਬਾਕੀ ਮੰਤਰੀਆਂ ਦੀ ਸਹਿਮਤੀ ਕਰਵਾ ਕੇ ਇਸ ਪ੍ਰਾਜੈਕਟ ਨੂੰ ਮਨਜ਼ੂਰ ਕਰਵਾਇਆ ਸੀ।
1958 'ਚ ਇਹ ਨਹਿਰ ਹਨੂੰਮਾਨਗੜ੍ਹ ਤੱਕ ਮੁਕੰਮਲ ਹੋ ਗਈ ਸੀ, ਜਿਸ ਦਾ ਉਦਘਾਟਨ ਕੇਂਦਰੀ ਮੰਤਰੀ ਗੋਬਿੰਦ ਬਲਬ ਵੱਲੋਂ ਕੀਤਾ ਗਿਆ ਸੀ। ਪਰ 1972 'ਚ ਇਸ ਨੂੰ ਹਨੂੰਮਾਨਗੜ੍ਹ ਤੋਂ ਵਧਾ ਕੇ ਜੈਸਲਮੇਰ ਤਕ ਵਧਾ ਦਿੱਤਾ ਗਿਆ।
2 ਨਵੰਬਰ 1984 ਨੂੰ ਇਸ ਦਾ ਨਾਂ ਰਾਜਸਥਾਨ ਕਨਾਲ ਤੋਂ ਬਦਲ ਕੇ ਇੰਦਰਾ ਗਾਂਧੀ ਕਨਾਲ ਰੱਖ ਦਿੱਤਾ ਗਿਆ। ਹੁਣ ਫਿਰ ਇਸ ਨਹਿਰ ਨੂੰ ਪੱਕਾ ਕੀਤਾ ਜਾ ਰਿਹਾ ਹੈ, ਜਿਸ ਨਾਲ ਮਾਲਵੇ ਵਿੱਚ ਪਾਣੀ ਦਾ ਪੱਧਰ ਹੋਰ ਨੀਵਾਂ ਹੋ ਸਕਦਾ ਹੈ ਤੇ ਪੰਜਾਬ ਦਿਨੋਂ-ਦਿਨ ਮਾਰੂਥਲ ਦੇ ਰਾਹ ਵੱਲ ਵਧ ਰਿਹਾ ਹੈ ।
ਪੰਜਾਬੀਓ ਜਾਗਦੇ ਕੁ ਸੁੱਤੇ
Comments
Post a Comment