ਕਹਾਣੀ : ਊਣੇ
ਭਾਗ : ਇੱਕ
ਜੀ.ਟੀ ਰੋਡ ਮਾਰੋਂ ਮਾਰੀ ਵਗ ਰਿਹਾ ਸੀ। ਰੁੱਖਾਂ ਦੀ ਅੱਧੀ ਧੁੱਪ ਤੇ ਅੱਧੀ ਛਾਂ ਚ ਹਰ ਗੱਡੀ ਸ਼ੂਕ ਦੇਣੀ ਲੰਘ ਜਾਂਦੀ ਸੀ। ਲੱਖਾ ਸਾਈਕਲ ਤੇ ਬੜੀ ਧਿਆਨ ਨਾਲ ਪੈਡਲ ਮਾਰਦਾ ਹੋਇਆ ਆ ਰਿਹਾ ਸੀ ਮਤੇ ਚੈਨ ਨਾ ਉੱਤ ਜਾਏ। ਰਫ਼ਤਾਰ ਚ ਜ਼ਰਾ ਜਿੰਨੀ ਤੇਜ਼ੀ ਜਾਂ ਕਮੀ ਨਾਲ ਚੈਨ ਢਿੱਲੀ ਹੋਕੇ ਉੱਤਰ ਜਾਂਦੀ ਸੀ। ਬਾਪੂ ਨੂੰ ਕਿੰਨੀ ਵਾਰੀ ਚੈਨ ਠੀਕ ਕਰਵਾਉਣ ਨੂੰ ਆਖ ਦਿੱਤਾ ਸੀ। ਉਹ ਹਰ ਵਾਰ ਹੂੰ ਹਾਂ ਕਰ ਛੱਡਦਾ। ਅੱਜ ਡੇਢ ਕੇ ਮੀਲ ਚ 5 ਵਾਰ ਉਸਨੂੰ ਖੱਜਲ ਕਰ ਚੁੱਕੀ ਸੀ ਉਸਨੇ ਫੈਸਲਾ ਕੀਤਾ ਕਿ ਘਰ ਜਾ ਕੇ ਅੱਜ ਖੁਦ ਹੀ ਵਾਧੂ ਲੜੀ ਕੱਢ ਦਵੇਗਾ। ਡਰ ਸੀ ਕੇਵਲ ਬਾਪੂ ਦਾ ਜਿਹੜਾ ਕਦੋਂ ਚਾਰੇ ਪੈਰ ਚੱਕ ਕੇ ਪੈ ਜਾਏ.
"ਆਪੇ ਕਾਰੀਗਰਾਂ ਘੋਟ ਘੋਟ ਕੇ ਤਾਂ ਹਰ ਚੀਜ਼ ਦਾ ਨਾਸ਼ ਮਾਰਿਆ ".ਕਿਸੇ ਵੀ ਵਸਤੂ ਨੂੰ ਠੀਕ ਨਾ ਕਰਵਾਉਣ ਤੇ ਜਦੋਂ ਉਹ ਖੁਦ ਹੀ ਉਹਨੂੰ ਖੋਲ੍ਹ ਬੈਠਦਾ। ਇੰਝ ਉਹਨੇ ਕਿੰਨਾ ਕੁਝ ਖਰਾਬ ਵੀ ਕੀਤਾ ਤੇ ਕਿੰਨਾ ਕੁਝ ਸਹੀ ਕਰਨਾ ਵੀ ਆਪੇ ਸਿੱਖ ਲਿਆ ਸੀ। ਗਰੀਬੀ ਤੇ ਲਾਚਾਰੀ ਬੰਦੇ ਚ ਸਿੱਖਣ ਜੋਗੀ ਲਲਕ ਤਾਂ ਪੈਦਾ ਕਰ ਹੀ ਦਿੰਦੀ ਹੈ।
ਉਂਝ ਵੀ ਉਹਦਾ ਬਾਪੂ ਲੋੜ ਤੋਂ ਵੱਧ ਸਖਤ ਸੀ ਉਸ ਕੱਲੇ ਉੱਪਰ ਨਹੀਂ ਸਾਰੇ ਹੀ ਟੱਬਰ ਉੱਪਰ। ਮਜ਼ਾਲ ਸੀ ਕਿ ਉਹਦੇ ਵਿਹੜੇ ਪੈਰ ਪਾਉਂਦੇ ਹੀ ਕੋਈ ਔਖਾ ਸਾਹ ਵੀ ਕੱਢ ਦਵੇ। ਰਿੰਮਦੇ ਡੰਗਰ ਵੀ ਖੁਰਲੀ ਨਾਲ ਸ਼ਾਂਤ ਹੋਕੇ ਖੜ੍ਹ ਜਾਂਦੇ ਸੀ। ਗਰੀਬ ਜਾਂ ਹੀਣਤਾ ਨੇ ਸ਼ਾਇਦ ਬਾਪੂ ਨੂੰ ਸਖ਼ਤ ਕਰ ਦਿੱਤਾ ਸੀ। ਸਾਰੇ ਭਾਈਆਂ ਵਿਚੋਂ ਉਹ ਸਭ ਤੋਂ ਗਰੀਬੜਾ ਸੀ। ਘਰ ਦਾ ਗੁਜਾਰਾ ਮਸੀਂ ਚਲਦਾ ਸੀ ਪੜ੍ਹਾਈਆਂ ਕਿਥੋਂ ਹੋਣੀਆਂ ਸੀ। ਲੱਖਾ ਹੱਥਾਂ ਪੈਰਾਂ ਦਾ ਖੁੱਲ੍ਹਾ ਤੇ ਸਿੱਖਣ ਚ ਤੇਜ ਸੀ. ਬਾਰਵੀਂ ਤੱਕ ਖੇਡ ਮਾਸਟਰਾਂ ਦੀ ਮਿਹਰਬਾਨੀ ਨਾਲ ਵਧੀਆ ਪੜ੍ਹ ਗਿਆ. ਪਰ ਉਸ ਮਗਰੋਂ ਬਾਪੂ ਨੇ ਹੱਥ ਖੜ੍ਹੇ ਕਰ ਦਿੱਤੇ। ਉਸ ਤੋਂ ਵੱਡੀਆਂ ਤੇ ਇੱਕ ਛੋਟੀ ਭੈਣ ਸੀ ਤੇ ਇੱਕ ਛੋਟਾ ਭਰਾ। ਬਾਪੂ ਕਿਸ ਕਿਸ ਨੂੰ ਖਵਾਉਂਦਾ ਤੇ ਕਿਸ ਕਿਸ ਨੂੰ ਪੜ੍ਹਾਉਂਦਾ।
ਇਸ ਲਈ ਮਨ ਮਾਰ ਕੇ ਉਸਨੂੰ ਹਟਣਾ ਪਿਆ। ਘਰ ਦੀਆਂ ਜਿੰਮੇਵਾਰੀਆਂ ਸਭ ਵਿੱਚ ਵੰਡੀਆਂ ਹੋਈਆਂ ਸੀ। ਉਸਦੇ ਹਿੱਸੇ ਮੱਝਾਂ ਨੂੰ ਸਾਂਭਣ ਦਾ ਕੰਮ ਆਇਆ ਸੀ। ਹੁਣੀ ਉਹ ਡੰਗਰਾਂ ਦਾ ਕੰਮ ਮੁਕਾ ਕੇ ਗਰਾਉਂਡ ਵੱਲ ਆਇਆ ਸੀ। ਉਸਨੇ ਸਕੂਲ ਛੱਡ ਦਿੱਤਾ ਸੀ ਪਰ ਦੋ ਮੋਹ ਉਹ ਕਦੇ ਨਾ ਤਿਆਗ ਸਕਿਆ। ਇੱਕ ਖੇਡ ਦਾ ਦੂਸਰਾ ਸੁਖਮਨ ਦਾ। ਇੱਕ ਖੇਡ ਹੀ ਸੀ ਜਿਸਨੇ ਉਹਨੂੰ ਆਪਣੇ ਸਾਥੀਆਂ ਚ ਇੱਜਤ ਦਵਾਈ ਸੀ ,ਦੂਸਰੀ ਸੁਖਮਨ ਜਿਸਨੇ ਕੁੜੀਆਂ ਹ ਉਹਦੀ ਵੁੱਕਤ ਬਣਾ ਦਿੱਤੀ ਸੀ। ਜ਼ਿੰਦਗੀ ਨੇ ਉਹਨੂੰ ਹਰ ਪਾਸਿਓਂ ਊਣਾ ਹੀ ਰੱਖਿਆ ਸੀ ਪੜ੍ਹਨ ਲਈ ਦਿਮਾਗ ਦਿੱਤਾ ਤਾਂ ਪੜ੍ਹਾਈ ਜੋਗੇ ਪੈਸੇ ਨਾ ਦਿੱਤੇ। ਖੇਡਣ ਵਾਲਾ ਸਰੀਰ ਦਿੱਤਾ ਪਰ ਰੰਗ ਵਿੱਚ ਥੋੜ੍ਹੀ ਕਾਲਿਖ ਭਰ ਕੇ ਉਹਨੂੰ ਤਾਂਬੇ ਵਰਗਾ ਕਰ ਦਿੱਤਾ। ਰੰਗ ਪੱਖੋਂ ਉਹ ਆਪਣੇ ਸਭ ਭਾਈਆਂ ਭੈਣਾਂ ਤੋਂ ਅਲਹਿਦਾ ਸੀ। ਇਸੇ ਲਈ ਬਚਪਨ ਤੋਂ ਇਸੇ ਚੀਜ਼ ਦੇ ਮਜ਼ਾਕ ਨੇ ਉਹਦੇ ਦਿਲ ਚ ਖੁਦ ਲਈ ਹੀ ਹੀਣਤਾ ਭਰ ਦਿੱਤੀ ਸੀ।
ਇੱਕ ਸੁਖਮਨ ਹੀ ਸੀ ਜਿਸ ਨੂੰ ਉਹਦੇ ਇਸ ਉਣੇਪਨ ਨਾਲ ਕੋਈ ਫ਼ਰਕ ਨਹੀਂ ਸੀ ਪੈਂਦਾ ਨਾ ਗਰੀਬੀ ਤੋਂ ਨਾ ਰੰਗ ਤੋਂ। ਸ਼ਾਇਦ ਉਹ ਖੁਦ ਉਹ ਇਹਨਾਂ ਦੋਹਾਂ ਪਾਸਿਓਂ ਭਰੀ ਹੋਈ ਸੀ ਤੇ ਡੁੱਲ੍ਹ ਡੁੱਲ੍ਹ ਪੈਂਦੀ ਸੀ। ਉਸਦਾ ਚਾਂਦੀ ਰੰਗਾ ਗੋਰਾ ਮੂੰਹ ਚਿੱਟੀ ਵਰਦੀ ਨੂੰ ਵੀ ਘਸਮੈਲਾ ਲੱਗਣ ਲੈ ਦਿੰਦੀ ਸੀ। ਮੁੰਡਿਆਂ ਦੀਆਂ ਡਾਰਾਂ ਉਸਦੀ ਕੂੰਜ ਵਰਗੀਆਂ ਪੁਲਾਂਘਾਂ ਦਾ ਪਿੱਛਾ ਕਰਦੀਆਂ। ਪਰ ਉਹ ਕਿਸੇ ਰਸ ਭਰੇ ਵਾਂਗ ਉਸਦੀ ਗੋਦੀ ਆਣ ਡਿੱਗੀ ਸੀ।
ਸਰਦੀ ਦੀ ਦੁਪਹਿਰ ਸੀ , ਸੂਰਜ ਦਾ ਰੰਗ ਬਦਲ ਰਿਹਾ ਸੀ। ਸਕੂਲੋਂ ਛੁੱਟੀ ਦਾ ਵਕਤ ਇਹੋ ਸੀ। ਉਹ ਗਰਾਉਂਡ ਪਹੁੰਚਿਆ ਤਾਂ ਸੁਖਮਨ ਆਪਣੀਆਂ ਸਹੇਲੀਆਂ ਸੰਗ ਸਾਈਕਲ ਤੇ ਆਉਂਦੀ ਦੂਰੋਂ ਹੀ ਦਿਸ ਗਈ। ਸੜਕ ਦੇ ਨਾਲ ਹੀ ਉਹਨਾਂ ਦੇ ਸਾਈਕਲ ਰੁਕ ਗਏ। ਬਾਕੀ ਕੁੜੀਆਂ ਰੋਜ ਦੀ ਵਾਂਗ ਉਹਨਾਂ ਦੇ ਮੇਲ ਦੀਆਂ ਗਵਾਹ ਬਣੀਆਂ ਇੱਕ ਪਾਸੇ ਹੋਕੇ ਖੜੋ ਗਈਆਂ ਇੱਕ ਕੁੜੀ ਸਾਈਕਲ ਦੀ ਚੈਨ ਉੱਤਰਨ ਦਾ ਬਹਾਨਾ ਲਾ ਕੇ ਸਾਈਕਲ ਸਟੈਂਡ ਤੇ ਲਾ ਕੇ ਓਹਲੇ ਹੀ ਬੈਠ ਗਈ ਸੀ। ਮਤੇ ਪਿੰਡੋਂ ਆਉਂਦਾ ਜਾਂਦਾ ਕੋਈ ਪੁੱਛੇ ਤਾਂ ਰੁਕਣ ਦਾ ਕਾਰਨ ਦੱਸਿਆ ਜਾ ਸਕੇ।
ਸੁਖਮਨ ਤੇ ਲਖਵਿੰਦਰ ਦੋਵੇਂ ਗਰਾਉਂਡ ਦੇ ਨਾਲ ਹੀ ਬਣੀਆਂ ਪੌੜੀਆਂ ਤੇ ਗੇਟ ਦੇ ਵਿਚਕਾਰ ਹੀ ਸਟਕੇ ਖੜ੍ਹ ਗਏ। ਐਨੀਂ ਕੁ ਲੁਕਵੀਂ ਜਗ੍ਹਾ ਸੀ ਕਿ ਕਿਸੇ ਪਾਸਿਓਂ ਕੋਈ ਨਹੀਂ ਦੇਖ ਸਕਦਾ ਸੀ। ਆਸ਼ਿਕਾਂ ਨੂੰ ਮਿਲਣ ਲਈ ਐਦੂੰ ਵੱਧ ਜਗ੍ਹਾ ਚਾਹੁੰਦੀ ਵੀ ਨਹੀਂ।
ਦੋਵੇਂ ਇੱਕ ਦੂਜੇ ਦੇ ਨਾਲ ਜੁੜੇ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗੇ। ਸੁਖਮਨ ਉਸਨੂੰ ਚੜ੍ਹੇ ਬੁਖਾਰ ਤੇ ਉਸਦੀ ਖੇਡ ਬਾਰੇ ਪੁੱਛਦੀ ਰਹੀ। ਲਖਵਿੰਦਰ ਉਹਦੀਆਂ ਅੱਖਾਂ ਚ ਤੱਕਦਾ ਉਹਨੂੰ ਆਪਣੇ ਨਾਲ ਘੁੱਟਦਾ ਇੱਕ ਦੂਸਰੇ ਨਾਲ ਮਾਣੇ ਹਰ ਪਲ ਨੂੰ ਯਾਦ ਕਰ ਰਿਹਾ ਸੀ। ਉਸਦੇ ਉਹ ਜਵਾਬ ਦਿੰਦਾ ਰਿਹਾ। ਸਕੂਲ ਬਾਰੇ ਪੁੱਛਦਾ ਰਿਹਾ। ਪਤਾ ਨਹੀਂ ਦੋਹਾਂ ਦੀ ਇਸ ਨੇੜਤਾ ਵਿੱਚ ਕੀ ਸੀ ਦੂਰੋਂ ਇੱਕ ਦੂਸਰੇ ਨੂੰ ਤੱਕਦੇ ਹੀ ਸਰੀਰ ਮਘਣ ਲੱਗ ਜਾਂਦੇ ਸੀ ਤੇ ਸਾਲ ਚੜ੍ਹਨ ਲੱਗ ਜਾਂਦਾ ਸੀ। ਪਹਿਲਾਂ ਮਿਲਣ ਦੀ ਕਾਹਲ ਹੁੰਦੀ ਫਿਰ ਉਸ ਵੇਲੇ ਬਾਹਾਂ ਚ ਭਰ ਲੈਣ ਮਗਰੋਂ ਛੇਤੀ ਪਰਾਂ ਹੋਣ ਦੀ ਮਤੇ ਸਰਦ ਮੌਸਮ ਚ ਵੀ ਇਹ ਅੰਦਰ ਦੀ ਗਰਮੀ ਬਾਹਰ ਨਿੱਕਲ ਨਾ ਆਏ। ਇਸ ਵੇਲੇ ਦੋਵੇਂ ਚੁੱਪ ਕਰ ਗਏ ਹਮੇਸ਼ਾਂ ਦੀ ਤਰ੍ਹਾਂ ਲੱਖੇ ਨੇ ਉਸਦੀਆਂ ਅੱਖਾਂ ਚ ਤੱਕਦੇ ਹੋਏ ਪਿਆਰ ਭਰੀਆਂ ਨਜਰਾਂ ਨਾਲ ਤੱਕਿਆ।ਉਸਦਾ ਚਾਂਦੀ ਵਰਗਾ ਚਿਹਰਾ ਲੱਖੇ ਦੇ ਮੋਢੇ ਉੱਪਰੋਂ ਆ ਰਹੀ ਸੂਰਜ ਦੀ ਰੋਸ਼ਨੀ ਚ ਲਾਲ ਭਾਹ ਮਾਰ ਰਿਹਾ ਸੀ। ਹੌਲੀ ਜਹੇ ਉਸਨੇ ਆਪਣੇ ਬੁੱਲ੍ਹ ਉਸਦੇ ਮੱਥੇ ਤੇ ਟਿਕਾ ਦਿੱਤੇ। ਉਸਦੇ ਚਿਹਰੇ ਨੂੰ ਦੋਨਾਂ ਹੱਥਾਂ ਚ ਭਰਕੇ ਨੱਕ ਦੀ ਸੇਧੇ ਆਪਣੇ ਬੁੱਲਾਂ ਤੇ ਘਸੀਟਦੇ ਹੋਏ ਸੁਖਮਨ ਦੇ ਸਪਾਟ ਖੁੱਲੇ ਬੁੱਲਾਂ ਤੇ ਟਿਕਾ ਦਿੱਤੇ। ਸੁਖਮਨ ਦੀਆਂ ਬਾਹਾਂ ਉਸਦੀ ਪਿੱਠ ਤੇ ਕੱਸੀਆਂ ਗਈਆਂ ਸੀ। ਉਹ ਕਿਸੇ ਭੌਰੇ ਵਾਂਗ ਰਸ ਚੂਸਣ ਵਿੱਚ ਮਘਣ ਸੀ। ਉਸਦੇ ਹੱਥ ਉਸਦੀ ਧੌਣ ਤੋਂ ਤੇ ਖਿਸਕ ਕੇ ਗਰਦਨ ਨੂੰ ਮਸਲਣ ਲੱਗੇ। ਦੋਵੇਂ ਕਿਸੇ ਅਲੌਕਿਕ ਆਨੰਦ ਵਿੱਚ ਗੁਆਚ ਗਏ ਸੀ। ਅੱਖਾਂ ਬੰਦ ਸੀ ਤੇ ਜਦੋਂ ਖੁੱਲਦੀਆਂ ਉਦੋਂ ਨਸ਼ਈ ਦੀਆਂ ਅੱਖਾਂ ਵਾਂਗ ਸ਼ਿਖਰ ਚੜ੍ਹੀਆਂ ਲਗਦੀਆਂ ਸੀ।
ਜਿਉਂ ਹੀ ਲਖਵਿੰਦਰ ਦੇ ਹੱਥ ਖਿਸਕ ਕੇ ਉਸਦੀ ਛਾਤੀ ਤੱਕ ਪਹੁੰਚਣ ਲੱਗੇ। ਸੁਖਮਨ ਨੇ ਉਸਨੂੰ ਆਪਣੇ ਤੋਂ ਦੂਰ ਹਟਾ ਦਿੱਤਾ।
"ਬਸ ਐਨਾ ਹੀ ਬਹੁਤ ਏ , ਜਦੋਂ ਹੋਰ ਕੁਝ ਕਰਦੇ ਹਾਂ, ਫਿਰ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ। ' ਸੁਖਮਨ ਦੀ ਕਹਿਣ ਵਿੱਚ ਤਰਲਾ ਸੀ।
ਨੀਂਦ ਲੱਖੇ ਨੂੰ ਵੀ ਕਿੱਥੇ ਆਉਂਦੀ ਸੀ। ਜਵਾਨੀ ਦੇ ਮੱਘਦੇ ਸੂਰਜ ਚ ਜਦੋਂ ਕਿਸੇ ਦਾ ਸਾਥ ਹੋਣ ਮਗਰੋਂ ਬਿਰਹਾ ਚ ਸੜਨਾਂ ਪੈਂਦਾ ਹੈ ਨੀਂਦ ਆਉਣੀ ਕਿਸਨੂੰ।
ਉਹ ਇੱਕ ਦੂਸਰੇ ਦਾ ਹੱਥ ਪਕੜ ਕੇ ਬਾਹਰ ਨਿੱਕਲੇ। ਹਲੇ ਤੀਕ ਇੱਕ ਦੂਜੇ ਚ ਗਵਾਚੇ ਹੋਏ ਸੀ ਆਪਣੀ ਦੁਨੀਆਂ ਚ ਇਹ ਭੁੱਲਕੇ ਕਿ ਕਿਥੇ ਸਨ ਤੇ ਬਾਹਰ ਕੀ ਏ। ਬਾਹਰ ਨਿੱਕਲਦੇ ਹੀ ਦੋਵਾਂ ਤੇ ਇੱਕਦਮ ਬਿਜਲੀ ਕੜਕੀ। ਕੁੜੀਆਂ ਦੇ ਸਾਈਕਲ ਕੋਲ ਸੁਖਮਨ ਦੇ ਚਾਚੇ ਦਾ ਮੁੰਡਾ ਮਿੰਦਰ ਖੜ੍ਹਾ ਸੀ। ਕੁੜੀਆਂ ਦੇ ਰੁਕੇ ਹੋਣ ਕਰਕੇ ਰੁਕ ਗਿਆ ਸੀ। ਜਿਉਂ ਹੀ ਉਹਨੇ ਸੁਖਮਨ ਤੇ ਲੱਖੇ ਨੂੰ ਬਾਹਰ ਆਉਂਦੇ ਤੱਕਿਆ ਤਾਂ ਕੁਝ ਪਲਾਂ ਲਈ ਜਿਵੇਂ ਜੀ ਟੀ ਰੋਡ ਦਾ ਸ਼ੋਰ ਖਤਮ ਹੋ ਗਿਆ ਹੋਵੇ। ਤਿੰਨਾਂ ਨੂੰ ਆਪਣੇ ਦਿਲ ਦੀ ਧੜਕਣ ਤੇ ਨਾੜਾਂ ਚ ਵਗਦੇ ਖੂਨ ਤੋਂ ਬਿਨਾਂ ਕੁਝ ਵੀ ਸੁਣਾਈ ਨਹੀਂ ਸੀ ਦੇ ਰਿਹਾ।
ਲੱਖੇ ਨੂੰ ਕੁਝ ਪਲ ਸਮੇਂ ਚ ਪਰਤਣ ਨੂੰ ਲੱਗੇ। ਇੰਝ ਸਭ ਦੇ ਸਾਹਮਣੇ ਭਿੜਨ ਨਾਲੋਂ ਉਹਨੂੰ ਖਿਸਕਣਾ ਸਹੀ ਲੱਗਾ। ਸਾਈਕਲ ਛੱਡ ਉਹ ਗਰਾਉਂਡ ਵਿੱਚੋਂ ਹੀ ਵਗ ਤੁਰਿਆ। ਜਦੋਂ ਤੱਕ ਮਿੰਦਰ ਉਸਨੂੰ ਫੜ੍ਹਨ ਲਈ ਉਸ ਮਗਰ ਦੌੜਿਆ ਉਹ ਅੱਧੇ ਗਰਾਉਂਡ ਤੱਕ ਜਾ ਚੁੱਕਾ ਸੀ। ਐਨੀ ਦੇਰ ਚ ਕੁੜੀਆਂ ਆਪਣੇ ਸਾਈਕਲ ਖਿਸਕਾ ਕੇ ਘਰਾਂ ਨੂੰ ਤੁਰ ਪਈਆਂ ਸੀ। ਵੱਟੋ ਵੱਟੀ ਦੌੜਦੇ ਉਸਨੂੰ ਮਿੰਦਰ ਦੇ ਇਸ਼ਾਰੇ ਸਮਝ ਆ ਰਹੇ ਸੀ ਜਿਵੇਂ ਕਹਿ ਰਿਹਾ ਹੋਵੇ। ਵਾਪਿਸ ਆਉਣਾ ਤਾਂ ਪਿੰਡ ਹੀ ਹੈ। ਫਿਰ ਮਿੰਦਰ ਪਿੱਛੇ ਮੁੜ ਗਿਆ। ਅੱਗਿਓਂ ਚਲਦੇ ਖਾਲ ਵਿਚੋਂ ਉਸਨੇ ਪਾਣੀ ਪੀਤਾ। ਇੱਕ ਸਰੋਂ ਦੇ ਖੇਤ ਵਿੱਚ ਲੁਕਕੇ ਦਿਨ ਢਲਣ ਦੀ ਉਡੀਕ ਕਰਨ ਲੱਗਾ। ਸਰੋਂ ਵਿਚੋਂ ਉਸਨੂੰ ਹਲੇ ਵੀ ਸੁਖਮਨ ਦੀ ਮਹਿਕ ਆ ਰਹੀ ਸੀ। ਜਿਸਨੇ ਉਸਦੇ ਅੰਦਰ ਉਸ ਨਾਲ ਤੇ ਸੁਖਮਨ ਨਾਲ ਕੀ ਬੀਤਣ ਵਾਲੀ ਹੈ ਇਸ ਡਰ ਨੂੰ ਥੋੜ੍ਹਾ ਘਟਾ ਦਿੱਤਾ ਸੀ।
Comments
Post a Comment