ਮਿਨੀ ਕਹਾਣੀ
ਜ਼ਿੰਦਾਦਿਲੀ
ਪੂਨਮ ਪਿਛਲੇ ਚਾਰ- ਪੰਜ ਦਿਨਾਂ ਤੋਂ ਸੈਰ ਤੇ ਨਹੀਂ ਆ ਰਹੀ ਸੀ । ਤੇ ਉਸ ਦਾ ਫੋਨ ਵੀ ਲਗਾਤਾਰ ਸਵਿੱਚ ਆਫ ਆ ਰਿਹਾ ਸੀ । ਫ਼ਿਕਰਮੰਦ ਹੋਈ ਉਸਦੀ ਸਹੇਲੀ ਪ੍ਰੀਤੀ ਸ਼ਾਮ ਨੂੰ ਉਸ ਦੇ ਘਰ ਚਲੀ ਗਈ ।
ਬਾਹਰਲਾ ਦਰਵਾਜ਼ਾ ਖੁੱਲ੍ਹਾ ਹੀ ਸੀ । ਅੰਦਰ ਜਾ ਕੇ ਉਸ ਨੇ ਦੇਖਿਆ ਹਨ੍ਹੇਰੇ ਕਮਰੇ ਵਿਚ ਲੰਮੀ ਪਈ ਪੂਨਮ ਰੋ ਰਹੀ ਸੀ। ਪ੍ਰੀਤੀ ਇਕਦਮ ਘਬਰਾ ਗਈ ਤੇ ਬੋਲੀ, "ਕੀ ਗੱਲ ਸੁੱਖ ਤਾਂ
ਹੈ ? ਤੂੰ ਰੋ ਕਿਉਂ ਰਹੀ ਹੈ?"
ਆਪਣੀ ਹੀ ਦੁਨੀਆਂ ਵਿੱਚ ਗਵਾਚੀ ਪੂਨਮ ਪ੍ਰੀਤੀ ਨੂੰ ਆਪਣੇ ਸਾਹਮਣੇ ਦੇਖ ਕੇ ਇਕਦਮ ਠਠੰਬਰ ਗਈ ।
"ਪ੍ਰੀਤੀ ਤੂੰ ਅਚਾਨਕ ਇੱਥੇ ਕਿੱਦਾਂ ?" ਪੂਨਮ ਨੇ ਜਲਦੀ ਨਾਲ ਉੱਠਦੇ ਹੋਏ ਲਾਈਟ ਜਗਾਈ । "ਮੈਨੂੰ ਛੱਡ , ਤੂੰ ਦੱਸ ਇੰਨੇ ਦਿਨਾਂ ਤੋਂ ਪਾਰਕ ਸੈਰ ਕਿਓਂ ਨਹੀਂ ਕਰਨ ਆ ਰਹੀ ਤੇ ਨਾਲੇ ਫੋਨ ਕਿਉਂ ਸਵਿੱਚ ਆਫ ਕਰ ਰੱਖਿਆ ਹੈ ?"
"ਬਸ ….ਘਰ ਦੇ ਕੁ…ਝ …ਕੰ..ਮਾਂ ..ਵਿੱਚ ਰੁੱਝੀ ਹੋਈ ਸੀ ਤਾਂ ਕਰਕੇ ।" "ਉਹ ਬਸ ਰਹਿਣ ਦੇ ਪੂਨਮ ਮੇਰੇ ਅੱਗੇ ਝੂਠ ਨਾ ਬੋਲ ਤੇ ਮੈਨੂੰ ਸੱਚ ਦੱਸ ਕੀ ਗੱਲ ਹੈ ? ਤੇ ਰੋ ਕਿਉਂ ਰਹੀ ਸੀ ? ਜਲਦੀ -ਜਲਦੀ ਬੋਲ ।" ਪ੍ਰੀਤੀ ਨੇ ਉਸ ਤੇ ਪਿਆਰ ਭਰਿਆ ਹੁਕਮ ਚਾੜ੍ਹਿਆ।
"ਪ੍ਰੀਤੀ ਤੂੰ ਤਾਂ ਮੇਰੀਆਂ ਭੈਣਾਂ ਵਰਗੀ ਹੈਂ , ਤੈਨੂੰ ਕੀ ਦੱਸਾਂ ਪਿਛਲੇ ਕੁਝ ਦਿਨਾਂ ਤੋਂ ਮੈਂ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਹਾਂ । ਮੇਰੀ ਸੱਸ ਤੇ ਮੇਰੀਆਂ ਨਣਾਨਾਂ ਹਰ ਵੇਲੇ ਮੇਰੀ ਵਿਰੋਧਤਾ ਕਰਦੀਆਂ ਰਹਿੰਦੀਆਂ ਹਨ। ਮੈਨੂੰ ਬੋਲ -ਕੁਬੋਲ ਬੋਲਦੀਆਂ ਹਨ। ਤੇ ਮੇਰਾ ਘਰਵਾਲਾ ਵੀ ਉਨ੍ਹਾਂ ਦਾ ਹੀ ਸਾਥ ਦਿੰਦਾ ਹੈ ।"
"ਹੋਰ ਤਾਂ ਹੋਰ ਮੁਹੱਲੇ ਦੀਆਂ ਔਰਤਾਂ ਵੀ ਮੇਰੇ ਵਿੱਚ ਕੋਈ ਨਾ ਕੋਈ ਮੀਨ- ਮੇਖ ਕੱਢੀ ਹੀ ਰੱਖਦੀਆਂ ਹਨ । ਇਹ ਸਭ ਦੇਖ ਮੇਰਾ ਦਿਲ ਬਹੁਤ ਹੀ ਜ਼ਿਆਦਾ ਦੁਖੀ ਹੋ ਜਾਂਦਾ ਤੇ ਮਨ ਉਦਾਸ ਹੋ ਜਾਂਦੈ।" ਕਹਿੰਦਿਆਂ ਪੂਨਮ ਸਿਸਕੀਆਂ ਭਰਨ ਲੱਗੀ।
ਕੋਲ ਬੈਠੀ ਪ੍ਰੀਤੀ ਨੇ ਝੱਟ ਹੀ ਉਸ ਨੂੰ ਕਲਾਵੇ ਵਿੱਚ ਲੈ ਲਿਆ ਤੇ ਬੋਲੀ ,"ਬਸ ਇੰਨੀਆਂ ਕੁ ਗੱਲਾਂ ਪਿੱਛੇ ਤੂੰ ਜ਼ਿੰਦਗੀ ਤੋਂ ਉਦਾਸ ਹੋ ਗਈ ।" " ਅੱਛਾ ! ਇਹ ਇੰਨੀ ਕੁ ਗੱਲ ।ਜੇ ਤੇਰੇ ਨਾਲ ਬੀਤੇ, ਫੇਰ ਤੈਨੂੰ ਪਤਾ ਲੱਗੇ ।" ਤੇ ਪੂਨਮ ਗੁੱਸੇ ਨਾਲ ਪਰ੍ਹਾਂ ਹੋ ਗਈ । ਪ੍ਰੀਤੀ ਨੇ ਉਸ ਦਾ ਮੂੰਹ ਆਪਣੇ ਵੱਲ ਕਰਦੇ ਹੋਏ ਕਿਹਾ ,"ਏਧਰ ਸੁਣ ਮੇਰੀ ਗੱਲ , ਜਦ ਮੇਰੀ ਸੱਸ ਬੀਮਾਰ ਸੀ ਤੇ ਮੈਂ ਵੀ ਉਸ ਦੀ ਰੱਜ ਕੇ ਸੇਵਾ ਕੀਤੀ । ਪਰ ਠੀਕ ਹੁੰਦੇ ਹੀ ਕੁਝ ਦਿਨਾਂ ਬਾਅਦ ਫਿਰ ਪਹਿਲਾਂ ਵਾਂਗ ਹੀ ਮੇਰੀਆਂ ਬੁਰਾਈਆਂ ਕਰਨ ਲੱਗੀ ।" "ਤੇ ਹੁਣ ਕੀ ਮੈਂ ਤੇਰੇ ਵਾਂਗ ਬੈਠ ਕੇ ਰੋਣ ਲੱਗ ਜਾਵਾਂ ? ਸੁਣ ਮੇਰੀ ਗੱਲ ਹਰ ਇਨਸਾਨ ਦਾ ਸੁਭਾਅ ਅਲੱਗ ਹੁੰਦਾ ਹੈ ਤੇ ਅਸੀਂ ਕਿਸੇ ਦਾ ਸੁਭਾਅ ਨਹੀਂ ਬਦਲ ਸਕਦੇ । ਤੇ ਨਾ ਹੀ ਹਰ ਇਨਸਾਨ ਨੂੰ ਜਿੱਤਿਆ ਜਾ ਸਕਦਾ ਹੈ।"
"ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜੋ ਉਸ ਨੂੰ ਬਹੁਤ ਪਸੰਦ ਕਰਦੇ ਹਨ। ਉਸ ਨੂੰ ਚੰਗਾ ਸਮਝਦੇ ਹਨ । ਪਰ ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਹੜੇ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ
ਕਰਦੇ । ਤੇ ਨਾਪਸੰਦ ਇਨਸਾਨ ਵਿੱਚ ਹਮੇਸ਼ਾ ਬੁਰਾਈ ਹੀ ਨਜ਼ਰ ਆਉਂਦੀ ਹੈ ।"
"ਨੀਂ ਭੈਣੇ ! ਲੋਕਾਂ ਨੇ ਤਾਂ ਗੁਰੂਆਂ ਨੂੰ ਵੀ ਨਹੀਂ ਛੱਡਿਆ । ਉਹ ਗੁਰੂ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਲੋਕ ਭਲਾਈ ਵਿਚ ਖ਼ਰਚ ਕਰ ਦਿੱਤੀ । ਲੋਕਾਂ ਨੂੰ ਤਾਂ ਉਨ੍ਹਾਂ ਵਿਚ ਵੀ ਬੁਰਾਈ ਨਜ਼ਰ ਆ ਗਈ । ਤੇ ਅਸੀਂ ਤਾਂ ਹਾਂ ਹੀ ਕੀ?"
"ਤੂੰ ਇਨ੍ਹਾਂ ਸਭ ਬਾਰੇ ਸੋਚਣ ਨਾਲੋਂ ਉਨ੍ਹਾਂ ਬਾਰੇ ਕਿਉਂ ਨਹੀਂ ਸੋਚਦੀ ਜਿਹੜੇ ਤੈਨੂੰ ਪਿਆਰ ਕਰਦੇ ਹਨ । ਤੈਨੂੰ ਪਸੰਦ ਕਰਦੇ ਹਨ ,ਤੇਰੀ ਫਿਕਰ ਕਰਦੇ ਹਨ। ਜਿਵੇਂ ਕਿ ਮੈਂ ।" ਹੱਸਦੀ ਹੋਈ ਪ੍ਰੀਤੀ ਬੋਲੀ।
" ਤੂੰ ਦੁਨੀਆਂ ਦੀ ਪਰਵਾਹ ਛੱਡ ਤੇ ਆਪਣੇ ਆਪ ਵਿੱਚ ਖ਼ੁਸ਼ ਰਹਿਣਾ ਸਿੱਖ। ਇਸ ਦੁਨੀਆਂ ਨੂੰ ਤਾਂ ਅੱਜ ਤਕ ਕੋਈ ਵੀ ਨਹੀਂ ਜਿੱਤ ਸਕਿਆ।" ਬੜੇ ਹੀ ਧਿਆਨ ਨਾਲ ਉਸ ਦੀਆਂ ਗੱਲਾਂ ਸੁਣਦੀ ਪੂਨਮ ਨੇ ਜਲਦੀ ਨਾਲ ਹੰਝੂ ਪੂੰਝੇ ਤੇ ਬੋਲੀ ,"ਖੜ੍ਹ ਜਾ । ਮੈਂ ਹੁਣੇ ਤਿਆਰ ਹੋ ਕੇ ਆਈ ਤੇ ਆਪਾਂ ਚਲਦੀਆਂ ਪਾਰਕ ।
ਤੇ ਨਾਲੇ ਗੋਲ ਗੱਪੇ ਵੀ ਖਾ ਕੇ ਆਵਾਂਗੇ ।" ਉਸ ਦੇ ਇੰਨਾ ਕਹਿੰਦੇ ਹੀ ਪ੍ਰੀਤੀ ਤੇ ਪੂਨਮ ਉੱਚੀ -ਉੱਚੀ ਖਿੜਖਿੜਾ ਕੇ ਹੱਸ ਪਈਆਂ ।
Comments
Post a Comment