'ਡਿਸਪੋਜ਼ਲ'
ਪਿਛਲੇ ਹਫ਼ਤੇ 'ਆਨਲਾਈਨ ਸ਼ਾਪਿੰਗ ਕੰਪਨੀਆਂ' ਦੀ ਮੈਗਾ ਸੇਲ 'ਚ, ਸਾਡੇ ਗਰੀਬ ਭਾਰਤੀ ਲੋਕਾਂ ਨੇਂ, 25000 ਕਰੋੜ ਦੇ ਲੱਗਭੱਗ ਖਰੀਦਦਾਰੀ ਕੀਤੀ ਹੈ, ਜਿਸ 'ਚ 11000 ਕਰੋੜ ਦੇ ਲੱਗਭੱਗ ਸਿਰਫ ਮੋਬਾਈਲ ਖਰੀਦੇ ਗਏ, ਤੁਸੀਂ ਹੈਰਾਨ ਹੋ ਜਾਣਾ ਏ ਕਿ 'ਸੇਮ' ਦੇ ਮਾਰੇ, ਮੇਰੇ ਪਿੰਡ ਖੂਈ ਖੇੜਾ 'ਚ ਚਾਰ ਲੱਖ ਤੋਂ ਉੱਪਰ ਦੇ ਤਾਂ ਮੋਬਾਈਲ ਹੀ ਖਰੀਦੇ ਗਏ ਨੇਂ। ਸਮਾਂ ਸੀ ਕਿ ਸਰਦੇ ਬੰਦੇ ਵੀ ਟੁੱਟੀਆਂ ਚੱਪਲਾਂ, ਨਵੀਆਂ ਨਹੀਂ ਸਗੋਂ 'ਵੱਧਰੀ' ਬਦਲਕੇ ਕੰਮ ਚਲਾਉਂਦੇ ਸਨ, ਕਦੇ 'ਡਿਸਪੋਜ਼ਲ ਬੈਰੰਗ' ਵਰਤਣ ਵਾਲਿਆਂ ਨੂੰ, ਮੀਡੀਆ, ਮਸ਼ਹੂਰੀ ਤੇ ਪ੍ਰੋਪੇਗੰਡਾ ਤਹਿਤ, ਆਧੁਨਿਕਤਾ ਦਾ ਪੈਮਾਨੇ ਬਦਲਦੇ ਹੋਏ, ਪੂਰੇ ਵਰਗ ਦੀ ਸੋਚ ਤੇ ਅਸਲ ਜਰੂਰਤਾਂ ਨੂੰ ਆਪਣੇ ਵਪਾਰਕ ਹਿਤਾਂ ਅਨੁਸਾਰ ਵਰਤਕੇ, ਵਪਾਰਕ ਜਗਤ ਨੇ, ਸਾਨੂੰ ਵਿਆਹ-ਸ਼ਾਦੀਆਂ 'ਚ ਭਾਂਡਿਆਂ ਤੋਂ 'ਡਿਸਪੋਜ਼ਲ' ਦੀ ਸ਼ੁਰੂਆਤ ਕਰਾਕੇ, ਸਾਨੂੰ ਅਜਿਹਾ 'ਸਿਆਣਾ' ਬਣਾਇਆ ਕਿ ਅੱਜ ਸਾਡੇ 'ਚੋਂ ਜਿਆਦਾਤਰ ਤਾਂ ਰਿਸ਼ਤੇ-ਮਿੱਤਰ-ਰਿਸ਼ਤੇਦਾਰ ਵੀ ਡਿਸਪੋਜ਼ਲ ਹੀ ਰੱਖਣ ਲੱਗ ਪਏ ਨੇਂ, 'ਜਸਟ ਯੂਜ਼ ਐਂਡ ਥ੍ਰੋ'। ਹੁਣ ਅੱਜ ਤੋਂ 5G ਸੇਵਾ ਸ਼ੁਰੂ ਕੀਤੀ ਗਈ ਏ, ਹਾਲਾਂਕਿ ਹਜੇ ਸਿਰਫ ਵੱਡੇ ਸ਼ਹਿਰਾਂ 'ਚ ਰਿਲਾਇੰਸ ਤੇ ਏਅਰਟੈੱਲ ਦੋ ਹੀ ਕੰਪਨੀਆਂ ਨੇ ਪਰ ਅਗਲੇ ਸਾਲ ਤੱਕ ਲਗਭਗ ਸਾਰਾ ਦੇਸ਼ 5G ਹੋ ਜਾਵੇਗਾ, ਫੇਰ ਆਪਾਂ ਵੀ ਮਜਬੂਰ ਹੋ ਜਾਵਾਂਗੇ, ਕਿਉਂਕਿ ਸਾਡੇ ਦੇਸ਼ 'ਚ ਮੋਬਾਈਲ 'ਚ ਡਾਟਾ ਨ੍ਹੀਂ ਮੁੱਕਣਾ ਚਾਹੀਦਾ, ਪੀਪੇ 'ਚ ਆਟਾ ਭਾਵੇਂ ਨਾ ਹੋਵੇ, ਮੌਜੂਦਾ 4G ਯੰਤਰਾਂ ਨੂੰ 'ਡਿਸਪੋਜ਼' ਕਰਕੇ, ਮਹਿੰਗੇ ਡਾਟਾ ਪਲਾਨ ਤੇ ਨਵਾਂ 5G ਫੋਨ ਖਰੀਦਣ ਲਈ, ਜਿਸ ਲਈ ਵੱਡੀਆਂ ਕੰਪਨੀਆਂ ਨੇ ਵੱਡੇ ਪੱਧਰ ਤੇ ਪਿੱਛਲੇ ਕਈ ਸਾਲਾਂ ਤੋਂ ਲੱਕ ਬੰਨ੍ਹ ਰੱਖਿਆ ਸੀ, ਹੁਣ ਜਦੋਂ ਤੱਕ ਆਪਾਂ ਸਾਰੇ 5G ਵਾਲੇ ਹੋਵਾਂਗੇ, ਉਸ ਤੋਂ ਪਹਿਲਾਂ ਹੀ ਅੰਬਾਨੀ ਹੁਰੀਂ 6G ਦੀਆਂ ਤਾਰਾਂ ਕੱਸ ਚੁੱਕੇ ਹੋਣਗੇ, ਮੈਨੂੰ ਲੱਗਦੇ ਆਉਣ ਵਾਲੇ ਸਮੇਂ 'ਚ, ਤਕਨੀਕ, ਵਪਾਰ, ਲਾਲਚ ਤੇ ਅਨੈਤਿਕ ਢੰਗ ਨਾਲ ਅੱਗੇ ਵੱਧਣ ਦੀ ਅੰਨ੍ਹੀ ਦੌੜ ਨੇ, 'ਡਿਸਪੋਜ਼ਲ' ਦੀ ਇਸ 'ਭਮੀਰੀ' ਨੂੰ ਇੰਨੀ ਤੇਜ਼ ਨਾਲ 'ਘੁੰਮਾਉਣਾ' ਹੈ ਕਿ ਗਰੀਬ ਦੀ 'ਡਿਸਪੋਜ਼ਲ' ਜਾਨ ਵੀ, ਅਮੀਰ ਬੰਦਾ 'ਆਨਲਾਈਨ' ਹੀ ਖਰੀਦ ਲਵੇਗਾ,,,,,,
Comments
Post a Comment