ਰੱਬ ਦੇ ਰੰਗ (ਮਿੰਨੀ ਕਹਾਣੀ)
ਆਪਣੇ ਪਤੀ ਸੰਜੀਵ ਦੇ ਇੱਕ ਕੁਆਰੀ ਕੁੜੀ ਸੋਨੀਆ ਨਾਲ ਪ੍ਰੇਮ ਸੰਬੰਧਾਂ ਬਾਰੇ ਜਦ ਸੁਜਾਤਾ ਨੂੰ ਪਤਾ ਲੱਗਾ ਤਾਂ ਉਹ ਬਹੁਤ ਹੀ ਰੋਈ - ਕੁਰਲਾਈ ਤੇ ਉਸਨੇ ਬਹੁਤ ਕਲੇਸ਼ ਕੀਤਾ ।ਸੰਜੀਵ ਨੂੰ ਪਿਆਰ ਨਾਲ ਸਮਝਾਉਣ ਦੀ ਵੀ ਉਸ ਨੇ ਬਹੁਤ ਕੋਸ਼ਿਸ਼ ਕੀਤੀ। ਪਰ ਸੰਜੀਵ ਤੇ ਕੋਈ ਅਸਰ ਨਾ ਹੋਇਆ। ਕਲੇਸ਼ ਦਿਨ -ਬਦਿਨ ਵੱਧਦਾ ਗਿਆ ਤੇ ਤਲਾਕ ਦੀ ਨੌਬਤ ਆ ਗਈ। ਸੁਜਾਤਾ ਰੋਂਦੀ- ਧੋਂਦੀ ਆਪਣੇ ਦੋਵੇਂ ਛੋਟੇ- ਛੋਟੇ ਬੱਚੇ ਲੈ ਕੇ ਪੇਕੇ ਘਰ ਚਲੀ ਗਈ ।
ਤਲਾਕ ਤੋਂ ਬਾਅਦ ਸੰਜੀਵ ਬਹੁਤ ਹੀ ਖੁਸ਼ ਸੀ । ਉਸ ਦੀ ਸੋਨੀਆ ਨਾਲ ਹੋਰ ਵੀ ਨੇੜਤਾ ਵੱਧ ਗਈ । ਵਕਤ ਗੁਜ਼ਰਦਾ ਗਿਆ। ਹੁਣ ਸੰਜੀਵ ਨੇ ਸੋਨੀਆ ਨੂੰ ਜਲਦੀ ਨਾਲ ਵਿਆਹ ਕਰਵਾਉਣ ਲਈ ਕਿਹਾ ਕਿਉਂਕਿ ਉਹ ਇਕੱਲਾ ਰਹਿ- ਰਹਿ ਤੰਗ ਆ ਗਿਆ ਸੀ । . ਸੋਨੀਆ ਚੁੱਪ ਰਹੀ ਤੇ ਉਸ ਤੋਂ ਬਾਅਦ ਦੋ ਤਿੰਨ ਦਿਨ ਤੱਕ ਉਸ ਨਾਲ ਉਸ ਦੀ ਗੱਲ ਨਾ ਹੋ ਸਕੀ । ਤੀਜੇ ਦਿਨ ਜਦ ਅਚਾਨਕ ਸੰਜੀਵ ਨੂੰ ਪਤਾ ਲੱਗਾ ਕਿ ਸੋਨੀਆਂ ਨੇ ਤਾਂ ਬਾਹਰੋਂ ਆਏ ਅਮੀਰ ਮੁੰਡੇ ਨਾਲ ਵਿਆਹ ਕਰਵਾ ਲਿਆ ਤਾਂ ਉਸ ਦੀ ਤਾਂ ਖਾਨਿਓਂ ਗਈ। ਕਈ ਦਿਨਾਂ ਦੀ ਜੱਦੋ- ਜਹਿਦ ਤੋਂ ਬਾਅਦ ਬਹੁਤ ਮੁਸ਼ਕਲ ਨਾਲ ਸੋਨੀਆ ਨੇ ਉਸ ਦਾ ਫੋਨ ਚੁੱਕਿਆ । "ਸੰਜੀਵ , ਮੈਂ ਕੀ ਕਰਦੀ ਮੇਰੇ ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਮੇਰੇ ਘਰ ਦੇ ਇੱਕ ਵਿਆਹੇ, ਦੋ ਬੱਚਿਆਂ ਦੇ ਪਿਓ ਤੇ ਮੇਰੇ ਤੋਂ ਉਮਰ ਚ ਵੱਡੇ ਆਦਮੀ ਨਾਲ ਕਿਸੇ ਹਾਲ ਚ ਵੀ ਮੇਰਾ ਵਿਆਹ ਕਰਨ ਲਈ ਤਿਆਰ ਨਹੀਂ ਸੀ । ਇਸ ਲਈ ਉਨ੍ਹਾਂ ਦੀ ਮੰਨ ਕੇ ਮੈਨੂੰ ..........।"
"ਪਰ ਸੋਨੀਆ ..... ਸੋਨੀਆ ! ਮੈ ਤਾਂ ਤੇਰੀ ਖਾਤਰ .......।" "ਦੇਖ ਸੰਜੀਵ! ਹੁਣ ਤੂੰ ਮੈਨੂੰ ਭੁੱਲ ਜਾ । ਉਸ 'ਚ ਹੀ ਤੇਰੀ ਭਲਾਈ ਹੈ। ਮੈਂ ਵੀ ਤੈਨੂੰ ਜਲਦੀ ਹੀ ਭੁੱਲਣ ਦੀ ਕੋਸ਼ਿਸ਼ ਕਰਾਂਗੀ । ਅੱਜ ਤੋਂ ਬਾਅਦ ਮੈਨੂੰ ਕਦੇ ਵੀ ਫੋਨ ਨਾ ਕਰੀਂ । ਵੈਸੇ ਵੀ ਤੈਨੂੰ ਬਲਾਕ ਕਰਨ ਲੱਗੀ ਆਂ ।" ਕਹਿ ਕੇ ਸੋਨੀਆ ਨੇ ਜਲਦੀ ਨਾਲ ਫੋਨ ਕੱਟ ਦਿੱਤਾ ।
ਸੰਜੀਵ ਦਾ ਸਿਰ ਚਕਰਾ ਗਿਆ । ਉਸ ਦੀਆਂ ਅੱਖਾਂ ਅੱਗੇ ਰੋਂਦੀ ਹੋਈ ਸੁਜਾਤਾ ਤੇ ਆਪਣੇ ਮਾਸੂਮ ਬੱਚਿਆਂ ਦਾ ਚਿਹਰਾ ਘੁੰਮਿਆਂ। ਉਸ ਨੇ ਜਲਦੀ ਨਾਲ ਸੁਜਾਤਾ ਦਾ ਨੰਬਰ ਡਾਇਲ ਕੀਤਾ ਤਾਂ ਕਿ ਉਸ ਤੋਂ ਮੁਆਫ਼ੀ ਮੰਗ ਕੇ ਮੁੜ ਆਪਣਾ ਘਰ ਵਸਾ ਸਕੇ ।ਪਰ ਉਸ ਦਾ ਫੋਨ ਲਗਾਤਾਰ ਸਵਿੱਚ ਆਫ ਆ ਰਿਹਾ ਸੀ। ਉਸ ਨੇ ਆਪਣੇ ਸਹੁਰੇ ਦਾ ਨੰਬਰ ਡਾਇਲ ਕੀਤਾ । ਸੰਜੀਵ ਦੀ ਆਵਾਜ਼ ਤੇ ਉਸ ਦੀ ਗੱਲ ਸੁਣਦੇ ਹੀ ਉਹ ਉਸ ਨੂੰ ਕੁੱਦ ਕੇ ਪੈ ਗਿਆ ,"ਤੂੰ ਕਿਵੇਂ ਫੋਨ ਕਰ ਦਿੱਤਾ ਅੱਜ? ਆਪਣੀ ਧੀ ਵਿਆਹ ਤੀ ਮੈਂ ਇੱਕ ਲੋੜਵੰਦ ਨਾਲ । ਹੁਣ ਮੇਰੀ ਧੀ ਤੇ ਉਸ ਦੇ ਬੱਚੇ ਉਸ ਭਲੇ ਪੁਰਸ਼ ਨਾਲ ਬਹੁਤ ਹੀ ਖੁਸ਼ ਹਨ। ਖ਼ਬਰਦਾਰ !! ਮੁੜ ਕੇ ਮੇਰੀ ਧੀ ਵੱਲ ਝਾਕਿਆ ਵੀ ਤਾਂ ।" ਤੇ ਉਸ ਨੇ ਬੇਹੱਦ ਗੁੱਸੇ ਨਾਲ ਫੋਨ ਕੱਟ ਦਿੱਤਾ।
ਹੁਣ ਜਿਵੇਂ ਧਰਤੀ ਸੰਜੀਵ ਨੂੰ ਗਰਕਣ ਲਈ ਥਾਂ ਨਹੀਂ ਸੀ ਦੇ ਰਹੀ । ਉਹ ਜ਼ਮੀਨ ਤੇ ਬੈਠਾ ਦੁਹੱਥੜੀ ਰੋ ਰਿਹਾ ਸੀ । ਰੱਬ ਨੇ ਉਸ ਦਾ ਹਿਸਾਬ ਜੋ ਬਰਾਬਰ ਕਰ ਦਿੱਤਾ ਸੀ।
Comments
Post a Comment