ਮੈਂ ਨਿੱਕਾ ਹੁੰਦਾ ਮੇਰੇ ਨਾਨਕੇ ਗਿਆ। ਕਈ ਦਿਨ ਰਿਹਾ। ਆਂਢੀ ਗੁਆਂਢੀ ਸਾਰੇ ਜਾਣਦੇ ਸੀ ਕੀ ਇਹ ਬੀਬੀ (ਮੇਰੀ ਮਾਂ ਦਾ ਪੇਕਿਆਂ ਦਾ ਨਾਮ) ਦਾ ਮੁੰਡਾ ਹੈ। ਨਾਨੀ ਦੀ ਮੇਨੂ ਸੁਰਤ ਨਹੀਂ। ਨਾਨੀ ਆਲਾ ਪਿਆਰ ਵੀ ਓਥੇ ਰਹਿੰਦੇ ਵੱਡੀ ਮਾਸੀ ਕੋਲੇ ਮਿਲਿਆ। ਜਿਸ ਨੂੰ ਅਸੀਂ ਮਾਸੀ ਤਾਰੋ ਆਖਦੇ ਹਾਂ। ਹੁਣ ਵੀ ਉਹ 98 ਸਾਲਾਂ ਦੀ ਹੈ । ਨਾਨਕੇ ਪਿੰਡ ਖੂਬ ਐਸ਼ ਲੁੱਟੀ।ਖੂਬ ਤਾਸ਼ ਖੇਡਦੇ।
ਇੱਕ ਦਿਨ ਸ਼ਾਮ ਨੂੰ ਮੈਂ ਤੇ ਮੇਰੇ ਮਾਮੇ ਦੀ ਕੁੜੀ ਗੁਆਂਢੀਆਂ ਦੇ ਮਿੱਟੀ ਦੇ ਤੇਲ ਦੀ ਬੋਤਲ ਉਧਾਰੀ ਲੈਣ ਗਏ।ਉਹ ਭਾਊ ਸਨ ਕਹਿੰਦੇ ਮੁੜ ਅੰਦਰੋਂ ਗੈਲਨ ਵਿਚੋਂ ਬੰਬੇ ਨਾਲ ਬੋਤਲ ਭਰ ਲਵੋ। ਬੰਬਾਂ ਕੰਚ ਦੀ ਗੋਲੀ ਵਾਲਾ ਹੁੰਦਾ ਸੀ। ਜਦੋ ਅਸੀਂ ਤੇਲ ਕੱਢਣ ਲੱਗੇ ਤਾਂ ਤੇਲ ਬਾਹਰ ਉਛਲਦਾ ਸੀ। ਮਰ ਜਾਣਿਆ ਤੇਲ ਤੇ ਬਾਹਰ ਡੁੱਲੀ ਜਾਂਦਾ ਹੈ ਮੇਰੇ ਮਾਮੇ ਦੀ ਕੁੜੀ ਨੇ ਕਿਹਾ।ਪਰ ਮੈਂ ਪੂਰੇ ਜ਼ੋਰ ਨਾਲ ਬੰਬਾਂ ਚਲਾਉਣ ਲਗਿਆ। ਇੱਕ ਬੋਤਲ ਭਰੀ ਤੇ ਵਾਧੂ ਤੇਲ ਡੋਲ ਦਿੱਤਾ। ਕੋਠੇ ਵਿੱਚ ਅੰਧੇਰਾ ਸੀ ਪਤਾ ਤਾਂ ਨਹੀਂ ਲਗਿਆ। ਪਰ ਮੁਸ਼ਕ ਤੇ ਗਿੱਲਾ ਕੱਚਾ ਥਾਂ ਦੱਸਦਾ ਸੀ। ਅਸੀਂ ਫਟਾ ਫਟ ਤੇਲ ਦੀ ਬੋਤਲ ਲੈ ਕੇ ਘਰ ਆ ਗਏ। ਸਾਡੇ ਜਾਣ ਤੋਂ ਬਾਦ ਓਹਨਾ ਨੂੰ ਤੇਲ ਦੀ ਮੁਸ਼ਕ ਆਈ।ਤੇ ਵੇਖਿਆ ਗੈਲਨ ਵੀ ਅੱਧਾ ਹੀ ਰਹਿ ਗਿਆ ਸੀ।
ਅਗਲੇ ਦਿਨ ਓਹਨਾ ਨੇ ਮੇਰੇ ਨਾਨਾ ਜੀ ਨੂੰ ਉਲਾਂਭਾ ਦਿੱਤਾ। ਪਰ ਅਸੀਂ ਉੱਕਾ ਹੀ ਗੱਲ ਤੋਂ ਮੁਕਰ ਗਏ। ਓਹਨਾ ਦਿਨਾਂ ਵਿੱਚ ਮਿੱਟੀ ਦੇ ਤੇਲ ਦੀ ਭਾਰੀ ਕਿੱਲਤ ਸੀ। ਫਿਰ ਮੈਂ ਕਈ ਦਿਨ ਓਹਨਾ ਦੇ ਘਰ ਵੱਲ ਖੇਡਣ ਨਹੀਂ ਗਿਆ ਡਰਦਾ।
ਚਾਹੇ ਮੇਰੇ ਨਾਨਕੇ ਪੰਜ ਘਰ ਸਨ ਪਰ ਪਖਾਨਾ ਕਿਸੇ ਘਰੇ ਵੀ ਨਹੀਂ ਸੀ ਬਣਿਆ। ਓਪਨ ਏਅਰ ਚ ਹੀ ਜਾਣਾ ਪੈਂਦਾ ਸੀ। ਨਾਨਕੇ ਗਿਆ ਬੰਦਾ ਅਕਸਰ ਹੀ ਲੇਟ ਉਠਦਾ ਹੈ।ਪਰ ਮੇਨੂ ਇੱਕਲੇ ਨੂੰ ਹੀ ਖੇਤਾਂ ਵਿੱਚ ਜਾਣਾ ਪੈਂਦਾ।ਇਸ ਲਈ ਮੈਂ ਮਾਮੇ ਮਾਸੀ ਦੇ ਮੁੰਡਿਆ ਨਾਲ ਜਲਦੀ ਉਠ ਜਾਂਦਾ। ਫਿਰ ਅਸੀਂ ਇੱਕਠੇ ਜੰਗਲ ਪਾਣੀ ਲਈ ਜਾਂਦੇ ਤੇ ਵਾਪਸੀ ਵੇਲੇ ਖੇਤਾਂ ਚੋ ਖਖੜੀਆਂ ਚਿੱਬੜ ਗੰਨੇ ਬਾਜਰੇ ਦੇ ਛਿੱਟੇ ਛੱਲੀਆਂ ਤੋੜ ਲਿਆਉਂਦੇ।
ਨਾਨਕਿਆਂ ਦੇ ਉਹ ਦਿਨ ਅੱਜ ਦੇ ਕੁੱਲੂ ਮਨਾਲੀ ਟ੍ਰਿਪ ਨੂੰ ਮਾਤ ਪਾਉਂਦੇ ਹਨ।
Comments
Post a Comment