ਇੱਕ ਬੇਰੁਜਗਾਰ ਰੋਜ ਰੋਜ ਨੌਕਰੀ ਲੱਭਣ ਸ਼ਹਿਰ ਜਾਂਦਾ ਤੇ ਨਿਰਾਸ਼ ਹੋ ਕੇ ਮੁੜ ਆਉਂਦਾ !ਅੰਦਰੋਂ ਟੁੱਟੇ ਹੋਏ ਗੇਟ ਦੀ ਝੀਥ ਥਾਣੀ ਆਪਣੀਆਂ ਜੇਬਾਂ ਫਰੋਲਦੀ ਮਾਂ ਨੂੰ ਦੇਖ
ਇੱਕ ਬੇਰੁਜਗਾਰ ਰੋਜ ਰੋਜ ਨੌਕਰੀ ਲੱਭਣ ਸ਼ਹਿਰ ਜਾਂਦਾ ਤੇ ਨਿਰਾਸ਼ ਹੋ ਕੇ ਮੁੜ ਆਉਂਦਾ !
ਘਰੇ ਆ ਕੇ ਕਪੜੇ ਲਾਹ ਸਿੱਧਾ ਗੁਸਲਖਾਨੇ ਵੜ ਜਾਂਦਾ !
ਅੰਦਰੋਂ ਟੁੱਟੇ ਹੋਏ ਗੇਟ ਦੀ ਝੀਥ ਥਾਣੀ ਆਪਣੀਆਂ ਜੇਬਾਂ ਫਰੋਲਦੀ ਮਾਂ ਨੂੰ ਦੇਖ ਇਹ ਸੋਚ ਕੇ ਪਾਣੀਓਂ ਪਾਣੀ ਹੋ ਜਾਂਦਾ ਕੇ ਸ਼ਇਦ ਮਾਂ ਜੇਬ ਵਿਚੋਂ ਕੋਈ ਪੈਸਾ ਲੱਭ ਰਹੀ ਹੋਵੇਗੀ !
ਓਧਰ ਪੁੱਤ ਦੀ ਰਗ-ਰਗ ਤੋਂ ਵਾਕਿਫ ਮਾਂ ਅਸਲ ਵਿੱਚ ਇਹ ਸੋਚ ਕੇ ਜੇਬਾਂ ਫਰੋਲ ਰਹੀਂ ਹੁੰਦੀ ਕੇ ਕਿਤੇ ਮੁੰਡਾ "ਸਲਫਾਸ" ਦੀ ਪੁੜੀ ਹੀ ਨਾ ਲੈ ਆਇਆ ਹੋਵੇ ਖਾਣ ਵਾਸਤੇ !
ਇੱਕ ਦਿਨ ਨਿਰਾਸ਼ ਹੋਏ ਨੇ ਸੱਚ-ਮੁੱਚ ਹੀ ਸ਼ਹਿਰੋਂ ਦੁਆਈਆਂ ਵਾਲੀ ਦੁਕਾਨ ਤੋਂ "ਸਲਫਾਸ " ਮੁੱਲ ਲੈ ਬੋਝੇ ਚ ਪਾ ਲਈ !
ਇਸੇ ਚੱਕਰ ਵਿਚ ਪਿੰਡ ਦੀ ਬੱਸ ਵੀ ਲੰਘ ਗਈ .. ਤੇ ਟਾਂਗੇ ਤੇ ਆਉਂਦੇ ਨੂੰ ਵਾਹਵਾ ਕੁਵੇਲਾ ਹੋ ਗਿਆ !
ਬਰੂਹਾਂ ਟੱਪੀਆਂ ਤਾਂ ਕੀ ਦੇਖਦਾ ਮਾਂ ਉਸਦੀ ਰੋਟੀ ਵਾਲੀ ਥਾਲੀ ਤੇ ਪੱਖੀ ਝਲਦੀ ਝਲਦੀ ਓਥੇ ਹੀ ਸੌਂ ਗਈ ਹੈ !
ਕਿੰਨੀ ਦੇਰ ਮਾਂ ਕੋਲ ਬੈਠਾ ਸੋਚਦਾ ਰਿਹਾ ਕੇ ਅੱਜ ਇਹ ਸਾਰਾ ਚੱਕਰ ਹੀ ਮੁੱਕ ਜਾਣਾ ਹੈ !
ਥੋੜੀ ਦੇਰ ਬਾਅਦ ਉੱਠਿਆ ..ਸਿੱਧਾ ਬਿਸਤਰੇ ਤੇ ਜਾ ਡਿੱਗਾ ਤੇ ਬੋਜਿਓਂ ਸਲਫਾਸ ਦੀ ਗੋਲੀ ਕੱਢ ਮੂੰਹ ਚ ਪਾਉਣ ਹੀ ਲੱਗਾ ਸੀ ਕੇ ਮਾਂ ਬਿਜਲੀ ਵਾਂਗ ਉਡਦੀ ਹੋਈ ਪੁੱਤ ਦੇ ਕਮਰੇ ਵਿਚ ਆਈ !
ਉਸਦਾ ਮੂੰਹ ਚੁੰਮਦੀ ਹੋਈ ਆਖਣ ਲੱਗੀ ਕੇ ਪੁੱਤ ਉਦਾਸ ਨਾ ਹੋਵੀਂ ਕਦੀ ਜਿੰਦਗੀ ਤੋਂ ..ਇਹ ਉਤਰਾਹ ਚੜਾਹ ਤੇ ਆਉਂਦੇ ਜਾਂਦੇ ਹੀ ਰਹਿੰਦੇ ਨੇ ! ਆਪਣੇ ਪਿਓ ਵਾਂਗ ਕੋਈ ਐਸਾ ਕੰਮ ਨਾ ਕਰ ਲਵੀਂ ....ਮੈਂ ਤੇ ਜਿਉਂਦੇ ਜੀ ਮੁੱਕ ਜੂੰ..!
ਨਾਲ ਹੀ ਮਾਂ ਦਾ ਰੋਣ ਨਿੱਕਲ ਗਿਆ 😥
ਰੋਂਦੀ ਮਾਂ ਨੂੰ ਦੇਖ ਉਹ ਵੀ ਡੁੱਲ ਪਿਆ ਤੇ ਆਖਣ ਲੱਗਾ ..ਜੇ ਏਨਾ ਹੇਜ ਕਰਦੀ ਹੈਂ ਤਾਂ ਸੌਂਹ ਖਾ ਬਾਪੂ ਦੀ ਤੇ ਇੱਕ ਗੱਲ ਦੱਸ ਸਚੋ-ਸੱਚ ....ਮੇਰੇ ਸ਼ਹਿਰੋਂ ਆਏ ਦੇ ਖੀਸੇ ਕਿਉਂ ਫਰੋਲਦੀ ਹੁੰਦੀ ਸੀ ਰੋਜ-ਰੋਜ ...?
ਅੱਗੋਂ ਮਾਂ ਕਹਿੰਦੀ ਪੁੱਤ ਬੇਰੁਜ਼ਗਾਰੀ ਕੀ ਹੁੰਦੀ ਹੈ ਤੇਰੇ ਪਿਓ ਵੇਲੇ ਦਾ ਯਾਦ ਹੈ ਮੈਨੂੰ ..ਮੈਂ ਤੇ ਤਤੜੀ ਤੇਰੀਆਂ ਜੇਬਾਂ ਚੋਂ ਸਲਫਾਸ ਲੱਭਦੀ ਹੁੰਦੀ ਸੀ ਕੇ ਜੁਆਨ ਜਹਾਨ ਕਿਤੇ ਕੋਈ ਐਸਾ ਕੰਮ ਨਾ ਕਰ ਲਵੇ !
ਅੱਜ ਤੈਨੂੰ ਉਡੀਕਦੀ ਦੀ ਚੁੱਲੇ ਲਾਗੇ ਹੀ ਅੱਖ ਲੱਗ ਗਈ ..ਹੁਣੇ ਕਾਲਜੇ ਨੂੰ ਧੂਹ ਜਿਹੀ ਪਈ ਤੇ ਵਾਵਰੋਲੇ ਵਾਂਗ ਨੱਸੀ ਆਈ !
ਇੱਕ ਹੋਰ ਗੱਲ ਦੱਸਾਂ ਤੈਨੂੰ ... ਤੇਰੀ ਪੱਗ ਚੁੱਕ ਕੇ ਆਪਣਾ ਸਿਰਹਾਣਾ ਨਹੀਂ ਸੀ ਬਣਾਉਂਦੀ ਰੋਜ ਰਾਤ ਨੂੰ ..ਸਗੋਂ ਇਹ ਤਸੱਲੀ ਕਰਦੀ ਸੀ ਕੇ ਕਿਤੇ ਅੱਧੀ ਰਾਤ ਨੂੰ ਬਾਹਰ ਕਿਸੇ ਟਾਹਣੇ ਨਾਲ ਬੰਨ ਕੇ ਪਿਓਂ ਵਾੰਗ .....😥
ਅੱਗੋਂ ਮਾਂ ਕੋਲੋਂ ਬੋਲਿਆਂ ਹੀ ਨਾ ਗਿਆ ......!
ਅੱਥਰੂਆਂ ਨਾਲ ਤਰ ਹੋਈਆਂ ਅੱਖਾਂ ਪੂਝਦੇ ਹੋਏ ਨੇ ਮਾਂ ਸਾਮਣੇ ਬੰਦ ਮੂੱਠੀ ਖੋਲ ਦਿੱਤੀ ਤੇ ਆਖਣ ਲੱਗਾ ..
ਇਹ ਲੈ ਫੜ ਜੋ ਤੂੰ ਰੋਜ ਰੋਜ ਮੇਰੇ ਖੀਸੇ ਚੋਂ ਲੱਭਦੀ ਹੁੰਦੀ ਸੀ .... ਮਾਫ ਕਰੀਂ ਮਾਏਂ ...ਬੜੀ ਵੱਡੀ ਗਲਤੀ ਹੋ ਚੱਲੀ ਸੀ !
ਨੋਟ :
ਅੱਜ ਕੱਲ ਦੀ ਭੱਜ-ਦੌੜ ਵਾਲੀ ਜਿੰਦਗੀ ਵੀ ਕਈ ਵਾਰੀ ਬੜੇ ਔਖੇ ਇਮਤਿਹਾਨ ਪਾਉਂਦੀ ਹੈ ..ਅਕਸਰ ਹੀ ਪੇਪਰ ਅੱਧ ਵਿਚਕਾਰ ਛੱਡ ਕੇ ਦੌੜਨ ਨੂੰ ਜੀ ਕਰਦਾ ਹੈ ..ਪਰ ਪ੍ਰਮਾਤਮਾਂ ਨੂੰ ਧਿਆ ਕੇ ਸੱਚੇ ਮਨੋਂ ਸੋਚਣ ਨਾਲ ਕਈ ਵਾਰੀ ਔਖੇ ਤੋਂ ਔਖੇ ਸੁਆਲ ਵੀ ਹੱਲ ਹੋ ਜਾਂਦੇ ਨੇ !
ਹਿੰਮਤ ਹੈ ਤਾਂ ਜਿੰਦਗੀ ਹੈ ।
ਰੱਬ ਰਾਖਾ,,,
Comments
Post a Comment