ਭਾਪਾ ਜੀ ਅੰਗਰੇਜੀ ਦਵਾਈ ਅਕਸਰ ਹੀ ਬਿਨਾ ਖਾਦਿਆ ਸਾਥੋਂ ਚੋਰੀ ਪਾਣੀ ਵਿਚ ਰੋੜ ਦਿਆ ਕਰਦੇ..ਫੇਰ ਵੀ ਪਤਾ ਨੀ ਕਿੱਦਾਂ ਠੀਕ ਹੋ ਕੇ ਹੱਟੀ ਤੇ ਆ ਜਾਇਆ ਕਰਦੇ!
ਮੈਨੂੰ ਥੋੜਾ ਸ਼ੱਕ ਸੀ ਕੇ ਉਹ ਅਜੇ ਵੀ ਕਈਆਂ ਨੂੰ ਉਧਾਰ ਸੌਦਾ ਦੇ ਦਿੰਦੇ ਨੇ..!
ਇੱਕ ਦੋ ਵੇਰ ਉਧਾਰ ਖਾਤੇ ਵਾਲੀ ਕਾਪੀ ਮੰਗੀ ਤਾਂ ਗੁੱਸਾ ਕਰ ਲਿਆ..ਅਖ਼ੇ ਹੁਣ ਤੂੰ ਮੈਨੂੰ ਸਿਖਾਏਂਗਾ ਕੇ ਹੱਟੀ ਕਿੱਦਾਂ ਚਲਾਉਣੀ ਏ..!
ਇੱਕ ਵਾਰ ਜਿਆਦਾ ਹੀ ਢਿਲੇ ਹੋ ਗਏ..!
ਮੈਨੂੰ ਸ਼ਹਿਰ ਵਾਲੇ ਕੰਮ ਤੋਂ ਛੁੱਟੀ ਲੈਣੀ ਪੈ ਗਈ..ਅਕਸਰ ਵੇਖਦਾ ਕੁਝ ਲੋਕ ਬਹਾਨੇ ਜਿਹੇ ਨਾਲ ਆਉਂਦੇ..ਭਾਪਾ ਜੀ ਬਾਰੇ ਪੁੱਛਦੇ ਤੇ ਫੇਰ ਬਿਨਾ ਕੁਝ ਲਿਆਂ ਹੀ ਵਾਪਿਸ ਪਰਤ ਜਾਇਆ ਕਰਦੇ..!
ਮੈਨੂੰ ਪਤਾ ਸੀ ਕੇ ਉਹ ਸਾਰੇ ਉਧਾਰ ਵਾਲੇ ਖਾਤੇਦਾਰ ਹੀ ਸਨ..!
ਉਸ ਦਿਨ ਵੀ ਦਸਾਂ ਕੂ ਸਾਲਾਂ ਦਾ ਹੌਲੀ ਜਿਹੀ ਉਮਰ ਦਾ ਉਹ ਮੁੰਡਾ..ਸੁਵੇਰ ਦਾ ਪਤਾ ਨੀ ਕਿੰਨੀ ਵਾਰੀ ਹੱਟੀ ਅੱਗਿਓਂ ਲੰਘ ਚੁੱਕਾ ਸੀ..!
ਉਤਸੁਕਤਾ ਭਰੀਆਂ ਥੱਕੀਆਂ ਜਿਹੀਆਂ ਉਸਦੀਆਂ ਅੱਖੀਆਂ ਹੱਟੀ ਅੰਦਰ ਕਿਸੇ ਨੂੰ ਟਟੋਲਦੀਆਂ ਹੋਈਆਂ ਲਗੀਆਂ..!
ਅਖੀਰ ਪੰਜਵੇਂ ਛੇਵੇਂ ਫੇਰੇ ਵੇਲੇ ਕੋਲ ਸੱਦ ਲਿਆ..ਪੁੱਛਿਆ ਕੋਈ ਕੰਮ ਏ..?
ਸਿਰ ਖੁਰਕਦਾ ਹੋਇਆ ਆਖਣ ਲੱਗਾ ਜੀ ਬਾਬੇ ਹੁਰਾਂ ਨਾਲ ਕੰਮ ਸੀ..!
ਪੁੱਛਿਆ ਕਾਹਦਾ ਕੰਮ?
ਝਿਜਕਦਾ ਹੋਇਆ ਆਖਣ ਲੱਗਾ ਜੀ ਘਰੇ ਆਟਾ ਮੁੱਕਾ ਸੀ ਤੇ ਬੀਬੀ ਆਹਂਦੀ ਕੇ ਅੱਜ ਰੋਟੀ ਤਾਂ ਪੱਕਣੀ ਜੇ ਬਾਬੇ ਹੁਰੀਂ ਥੋੜਾ ਉਧਾਰ ਕਰ ਲੈਣ ਤਾਂ..!
ਇਸਤੋਂ ਪਹਿਲਾਂ ਕੇ ਮੈਂ ਕੋਈ ਜੁਆਬ ਦੇ ਪਾਉਂਦਾ..ਅੰਦਰੋਂ ਅਵਾਜ ਆਈ..ਬਾਪੂ ਹੂਰੀ ਕਾਹਲੇ ਪੈ ਆਖ ਰਹੇ ਸਨ ਪੁੱਤ ਮੰਜੇ ਤੇ ਪਿਆ ਪਿਆ ਮੈਂ ਪੱਕਾ ਮੁੱਕ ਜਾਣਾ..ਮੈਨੂੰ ਹੱਟੀ ਤੇ ਜਾਣ ਦਿਓ..ਮੈਨੂੰ ਪਤਾ ਮੇਰੇ ਗ੍ਰਾਹਕ ਮੈਨੂੰ ਉਡੀਕੀ ਜਾਂਦੇ ਨੇ..!
"ਮੁੱਕ ਜਾਣ" ਵਾਲੀ ਗੱਲ ਸੁਣ ਮੈਂ ਥੋੜਾ ਜਜਬਾਤੀ ਹੋ ਗਿਆ..!
ਪਰ ਇੱਕ ਗੱਲ ਦੀ ਸਮਝ ਨਾ ਲੱਗੀ ਕੇ ਏਨੀ ਦੂਰ ਅੰਦਰ ਤੱਕ ਉਸ ਮੁੰਡੇ ਦੀ ਅਵਾਜ ਕਿੱਦਾਂ ਅੱਪੜ ਗਈ ਸੀ..!
ਖੈਰ ਬਹਿਸ ਕਰਨੀ ਵਾਜਿਬ ਨਾ ਸਮਝੀ..ਤੇ ਅਗਲੇ ਹੀ ਪਲ ਓਹਨਾ ਨੂੰ ਆਸਰਾ ਜਿਹਾ ਦੇ ਕੇ ਕਾਊਂਟਰ ਤੇ ਖਲਿਆਰ ਮੈਂ ਆਪ ਕਿਸੇ ਹੋਰ ਕੰਮ ਬਾਹਰ ਫਿਰਨੀ ਵੱਲ ਨੂੰ ਹੋ ਤੁਰਿਆ..!
ਘੜੀ ਕੂ ਮਗਰੋਂ ਵਾਪਿਸ ਮੁੜਿਆ ਤਾਂ ਓਹੀ ਮੁੰਡਾ ਆਟੇ ਦਾ ਤੋੜਾ ਸਿਰ ਤੇ ਚੁੱਕੀ ਹੱਟੀਓਂ ਤੁਰਿਆ ਆਉਂਦਾ ਮਿਲ ਪਿਆ..!
ਉਸਦੇ ਚੇਹਰੇ ਤੇ ਖੁਸ਼ੀ ਅਤੇ ਸੰਤੁਸ਼ਟੀ ਦੇ ਕਿੰਨੇ ਸਾਰੇ ਹਾਵ ਭਾਵ ਵੇਖ ਮਨ ਨੂੰ ਅਜੀਬ ਜਿਹਾ ਸੁਕੂਨ ਮਿਲਿਆ..ਇੰਝ ਲੱਗਾ ਜਿੱਦਾਂ ਜਮੀਰ ਤੇ ਚਿਰਾਂ ਤੋਂ ਪਿਆ ਕੋਈ ਵੱਡਾ ਸਾਰਾ ਬੋਝ ਉੱਤਰ ਗਿਆ ਹੋਵੇ..!
ਫੇਰ ਅਗਲੀ ਸੁਵੇਰ ਵਾਕਿਆ ਹੀ ਇੱਕ ਕਰਾਮਾਤ ਹੋਈ..ਏਨੇ ਦਿਨਾਂ ਤੋਂ ਅਵਾਜਾਰ ਪਏ ਬਾਪੂ ਜੀ ਹੁਣ ਪੂਰੀ ਤਰਾਂ ਨੌਂ-ਬਰ-ਨੌਂ ਲੱਗ ਰਹੇ ਸਨ ਤੇ ਹੱਟੀ ਬਾਹਰ ਤੱਕ ਗ੍ਰਾਹਕਾਂ ਨਾਲ ਭਰੀ ਹੋਈ ਸੀ!
ਉਸ ਦਿਨ ਸਮਝ ਆਈ ਕੇ ਬਾਪੂ ਜੀ ਅੰਗਰੇਜੀ ਦਵਾਈਆਂ ਨੂੰ ਬਹੁਤਾ ਪਸੰਦ ਕਿਓਂ ਨਹੀਂ ਸਨ ਕਰਿਆ ਕਰਦੇ..!
ਸ਼ਾਇਦ ਚੰਗੀ ਤਰਾਂ ਜਾਣਦੇ ਸਨ ਕੇ ਇਨਸਾਨੀ ਬਿਮਾਰੀਆਂ ਦੇ ਕੁਝ ਸਟੀਕ ਟੋਟਕੇ ਉਸ ਉੱਪਰ ਵਾਲੇ ਨੇ ਆਪਣੀ ਅਲਮਾਰੀ ਵਿੱਚ ਸਾਂਭ ਕੇ ਰੱਖੇ ਹੋਏ ਨੇ..!
ਅਤੇ ਉਹ ਆਪਣੀ ਉਸ ਬੰਦ ਪਈ ਅਲਮਾਰੀ ਦੇ ਤਾਲੇ ਸਿਰਫ ਓਦੋਂ ਹੀ ਖੋਲ੍ਹਦਾ ਜਦੋਂ ਉਸਨੂੰ ਇਹ ਲੱਗੇ ਕੇ ਇਸ ਵੇਲੇ ਧਰਤੀ ਦੇ ਕਿਸੇ ਕੋਨੇ ਤੇ ਇਨਸਾਨੀਅਤ ਨਾਮ ਦਾ ਇੱਕ ਪੰਛੀ ਖੁੱਲ ਕੇ ਖੁਸ਼ੀ ਦਾ ਇਜਹਾਰ ਕਰ ਰਿਹਾ ਏ!
Comments
Post a Comment