40-45 ਸਾਲਾਂ ਦਾ ਇੱਕ ਮਾੜਚੂ ਜਿਹਾ ਬੰਦਾ ਹਰ ਰੋਜ ਕਦੇ ਸਮੋਸੇ ਤੇ ਕਦੇ ਪੂੜੀਆਂ-ਛੋਲੇ ਖਾ ਕੇ ਭੀੜ 'ਚੋਂ ਬਿਨਾਂ ਪੈਸੇ ਦਿੱਤੇ ਤਿੱਤਰ ਹੋ ਜਾਇਆ ਕਰੇ।
#ਮਲੋਟ ਦੀ ਪੁਰਾਣੀ ਮੰਡੀ 'ਚ ਇੱਕ ਮਸ਼ਹੂਰ ਹਲਵਾਈ ਦੀ ਦੁਕਾਨ 'ਤੇ ਸਵੇਰ ਵੇਲੇ ਸਮੋਸੇ ਤੇ ਪੂਰੀਆਂ ਛੋਲੇ ਖਾਣ ਵਾਲਿਆਂ ਦਾ ਤਾਂਤਾ ਲੱਗਿਆ ਹੋਣਾ।
40-45 ਸਾਲਾਂ ਦਾ ਇੱਕ ਮਾੜਚੂ ਜਿਹਾ ਬੰਦਾ ਹਰ ਰੋਜ ਕਦੇ ਸਮੋਸੇ ਤੇ ਕਦੇ ਪੂੜੀਆਂ-ਛੋਲੇ ਖਾ ਕੇ ਭੀੜ 'ਚੋਂ ਬਿਨਾਂ ਪੈਸੇ ਦਿੱਤੇ ਤਿੱਤਰ ਹੋ ਜਾਇਆ ਕਰੇ।
ਇੱਕ ਦਿਨ ਖਾ ਰਿਹਾ ਸੀ ਤਾਂ ਦੁਕਾਨ 'ਤੇ ਕੰਮ ਕਰਦੇ ਮੁਲਾਜਮ ਨੇ ਮਾਲਕ ਨੂੰ ਕਿਹਾ " ਮੈਂ ਵੇਖਿਆ ਏ ਕਿ ਏਹ ਬੰਦਾ ਖਾ ਪੀ ਕੇ ਬਿਨਾਂ ਪੈਸੇ ਦਿੱਤੇ ਨਿਕਲ ਜਾਂਦੈ, ਜੇ ਕਹੋਂ ਤਾਂ ਅੱਜ ਕਰ ਲਈਏ ਕਾਬੂ...? "
"ਨਹੀਂ! ਓਹਨੂੰ ਖਾਣ ਦੇ ਚੁੱਪਚਾਪ, ਬਾਅਦ 'ਚ ਗੱਲ ਕਰਦੇ ਹਾਂ" ਮਾਲਕ ਨੇ ਮੁਸਕੁਰਾਉਦਿਆ ਕਿਹਾ।
"ਓਹ ਬੰਦਾ ਅੱਜ ਵੀ ਪੈਸੇ ਨਹੀਂ ਦੇ ਕੇ ਗਿਆ" ਕੰਮ ਤੋਂ ਵਿਹਲੇ ਹੋਏ ਮੁਲਾਜ਼ਮ ਨੇ ਮਾਲਕ ਨੂੰ ਕਿਹਾ।
"ਪਤਾ ਹੈ, ਤੂੰ! ਪਹਿਲਾ ਬੰਦਾ ਨਹੀਂ, ਜੀਹਨੇ ਓਹਨੂੰ ਵੇਖਿਆ ਹੈ... ਓਹ ਹਰ ਰੋਜ਼ ਸਵੇਰੇ ਹੀ ਆਪਣੀ ਦੁਕਾਨ ਦੇ ਅੱਗੇ ਗੇੜੇ ਕੱਢਣੇ ਸ਼ੁਰੂ ਕਰ ਦਿੰਦਾ ਹੈ... ਉਡੀਕਦਾ ਹੈ ਕਿ ਕਦੋਂ ਗ੍ਰਾਹਕਾਂ ਦੀ ਭੀੜ ਲੱਗੇ ਤੇ ਓਸਦਾ ਦਾਅ ਲੱਗੇ" ਮਾਲਕ ਨੇ ਜਵਾਬ ਦਿੱਤਾ।
"ਅੱਛਾ! ਫੇਰ ਓਹ ਨੂੰ ਕਦੇ ਫੜਿਆ ਕਿਉਂ ਨਹੀਂ...? "
"ਫੜਨਾ ਤਾਂ ਦੂਰ ਮੈਂ ਤਾਂ ਸਗੋਂ ਏਹ ਧਿਆਨ ਰੱਖਦਾ ਹਾਂ ਕਿ ਕਿੱਤੇ ਓਹਨੂੰ ਭਿਣਕ ਨਾ ਪੈ ਜਾਏ ਕਿ ਮੈਨੂੰ ਓਹਦੀ ਚੋਰੀ ਦਾ ਪਤਾ ਏ" ਮਾਲਕ ਨੇ ਹੱਸਦਿਆਂ ਕਿਹਾ।
"ਸਮਝ ਨਹੀਂ ਆਈ, ਤੁਸੀਂ ਏਹ ਕੀ ਕਹਿ ਰਹੇ ਹੋ...?
"ਸਾਡੀ ਦੁਕਾਨ 'ਤੇ ਗ੍ਰਾਹਕਾਂ ਦਾ ਮੇਲਾ ਸ਼ਾਇਦ! ਓਸੇ ਭਲੇ ਮਾਣਸ ਦੀ ਹੀ ਕੀਤੀ ਅਰਦਾਸ ਕਰਕੇ ਲੱਗਦਾ ਹੋਵੇ.... ਰੱਬ ਦੇ ਰੰਗਾ ਦਾ ਕੀ ਪਤੈ, ਕਿਹੜਾ ਬੰਦਾ ਕੀਹਦੇ ਕਰਮਾਂ ਦਾ ਖਾ-ਭੋਗ ਰਿਹਾ ਹੈ..."
ਏਨਾ ਆਖ ਦੁਕਾਨ ਮਾਲਕ ਸਾਹਮਣੇ ਦੀਵਾਰ ਤੇ ਲੱਗੀ ਸ਼ਿਵਜੀ ਭਗਵਾਨ ਦੀ ਤਸਵੀਰ ਵੱਲ ਵੇਖਣ ਲੱਗਾ।
Comments
Post a Comment