ਉਮਰ ਅੱਸੀ ਤੋਂ ਉੱਤੇ..
ਕੁਝ ਦਿਨ ਪਹਿਲਾਂ ਹੀ ਕਲੋਨੀ ਦੀ ਪਾਰਕ ਵਿਚ ਆਉਣਾ ਸ਼ੁਰੂ ਕੀਤਾ..
ਬੱਚਿਆਂ ਨੂੰ ਖੇਡਦੇ ਵੇਖਦੇ ਰਹਿੰਦੇ..ਨਿੱਕੀਆਂ ਨਿੱਕੀਆਂ ਗੱਲਾਂ ਕਰਦੇ..ਕੱਲੇ ਕੱਲੇ ਬੂਟੇ ਕੋਲ ਜਾਂਦੇ..ਥੋੜੇ ਕਮਜ਼ੋਰ ਦਿਸਦੇ ਦੀਆਂ ਜੜਾਂ ਵਿੱਚ ਹੋਰ ਮਿੱਟੀ ਪਾ ਦਿੰਦੇ..!
ਫੇਰ ਗੋਡੀ ਕਰਦੇ ਮਾਲੀ ਕੋਲ ਜਾਂਦੇ..
ਕੰਨ ਵਿੱਚ ਕੁਝ ਆਖਦੇ..ਕਦੀ ਚੀੜੀਆਂ ਕਾਵਾਂ ਨਾਲ ਸਾਂਝ ਪਾਉਂਦੇ ਰਹਿੰਦੇ..!
ਫੇਰ ਇੰਝ ਕਰਦਿਆਂ ਹੀ ਦੁਪਹਿਰ ਹੋ ਜਾਂਦੀ..
ਫੇਰ ਪੋਣੇ ਵਿੱਚ ਬੰਨੀ ਨਾਲ ਲਿਆਂਧੀ ਖੋਹਲ ਬਹਿੰਦੇ!
ਅਚਾਨਕ ਨਿੱਕੇ-ਨਿੱਕੇ ਕਤੂਰਿਆਂ ਦੀ ਰੌਣਕ ਲੱਗ ਜਾਂਦੀ..
ਇੱਕ ਬੁਰਕੀ ਆਪ ਖਾਂਦੇ..ਕੁਝ ਓਹਨਾ ਨੂੰ ਪਾ ਦਿੰਦੇ..ਉਹ ਦੁੰਮ ਹਿਲਾਉਂਦੇ ਆਲੇ ਦਵਾਲੇ ਤੁਰੇ ਫਿਰਦੇ ਰਹਿੰਦੇ!
ਫੇਰ ਥਰਮਸ ਵਿੱਚ ਲਿਆਂਧੀ ਚਾਹ ਪੀਂਦੇ..
ਮਗਰੋਂ ਕਦੀ ਵਾਰ ਓਥੇ ਹੀ ਵਗਦੀ ਠੰਡੀ ਮਿੱਠੀ ਹਵਾ ਵਿੱਚ ਲੰਮੇ ਪੈ ਜਾਂਦੇ..
ਘੜੀ ਕੂ ਨੂੰ ਉਠਦੇ..ਨਲਕੇ ਤੋਂ ਪਾਣੀ ਪੀਂਦੇ..ਮਗਰੋਂ ਸੜਕ ਤੇ ਪੈ ਕੇ ਕਿਧਰੇ ਅਲੋਪ ਹੋ ਜਾਂਦੇ!
ਕਲੋਨੀ ਵਿੱਚ ਚਰਚਾ ਜੋਰਾਂ ਤੇ ਸੀ..
ਜਰੂਰ ਘਰੋਂ ਕੱਢਿਆ ਹੋਣਾ..ਔਲਾਦ ਬਾਹਰ ਹੋਣੀ ਏ..ਦੇਖਭਾਲ ਵਾਲਾ ਕੋਈ ਨੀ ਹੋਣਾ..ਜਰੂਰ ਸੁਭਾਹ ਦਾ ਵੀ ਕੌੜਾ ਹੀ ਹੋਣਾ..ਅਗਲੇ ਬਾਹਰ ਕੱਢ ਦਿੰਦੇ ਹੋਣੇ..ਜਾ ਮਗਰੋਂ ਲਹਿ!
ਇੱਕ ਦਿਨ ਹਿੰਮਤ ਕੀਤੀ..
ਫਤਹਿ ਬੁਲਾ ਕੋਲ ਬੈਠ ਗਈ..ਕਿੰਨੀਆਂ ਗੱਲਾਂ ਕੀਤੀਆਂ..
ਫੇਰ ਤਰੀਕੇ ਜਿਹੇ ਨਾਲ ਪੁੱਛ ਲਿਆ..ਬਾਬਾ ਜੀ ਜਿਆਦਾਤਰ ਇਥੇ ਹੀ ਹੁੰਦੇ ਓ..ਘਰੇ ਤਾਂ ਸਭ ਠੀਕ ਏ?
ਹੱਸ ਪਏ..ਫੇਰ ਆਖਣ ਲੱਗੇ ਸਭ ਠੀਕ ਏ ਧੀਏ..ਪਰ ਨਾਲਦੀ ਦੇ ਜਾਣ ਮਗਰੋਂ ਮਹਿਸੂਸ ਹੋਇਆ ਆਪਣੇ ਕੰਨੀ ਕਤਰਾਉਣ ਲੱਗ ਪਏ ਨੇ..ਸਿਆਣੇ ਨੂੰ ਇਸ਼ਾਰਾ ਕਾਫੀ..ਮੈਂ ਆਪਣੀ ਲੋੜ ਜੋਗਾ ਪੱਲੇ ਬੰਨ ਬਾਹਰ ਨਿੱਕਲ ਇਥੇ ਆਣ ਬੈਠਦਾ..
ਫੇਰ ਕੱਲੇ ਕੱਲੇ ਰੁੱਖ ਬੂਟੇ ਕੋਲ ਜਾਂਦਾ..ਇਹ ਮੈਨੂੰ ਮਾਲੀ ਦੀ ਸ਼ਿਕਾਇਤ ਲਾਉਂਦੇ..ਸਾਨੂੰ ਖਾਦ ਪਾਣੀ ਘੱਟ ਪਾਉਂਦਾ ਤੇ ਮੈਂ ਇਹਨਾਂ ਨਾਲ ਦੁਨੀਆਂ ਦੇ ਗਿਲੇ ਸ਼ਿਕਵੇ ਸਾਂਝੇ ਕਰ ਲੈਂਦਾ ਹਾਂ..ਏਦਾਂ ਹੀ ਮਨ ਦਾ ਭਾਰ ਹੌਲਾ ਹੋ ਜਾਂਦਾ!
ਘਰੇ ਮੁੜਦੀ ਦੇ ਕੰਨਾਂ ਵਿੱਚ ਬਾਬੇ ਹੁਰਾਂ ਦੀ ਆਖੀ ਇਹੋ ਗੱਲ ਗੂੰਝਦੀ ਰਹੀ..
ਧੀਏ ਜਦੋਂ ਦੁਨੀਆਂ ਗੱਲ ਸੁੰਨਣੋ ਹਟ ਜਾਵੇ ਤਾਂ ਕੁਦਰਤ ਨਾਲ ਯਾਰੀ ਗੰਢ ਲਵੋ..ਬੁੱਕਲ ਵਿੱਚ ਲੈ ਕੇ ਢੇਰ ਸਾਰਾ ਪਿਆਰ ਦਿੰਦੀ ਏ..!
Comments
Post a Comment