ਕੰਡਿਆਂ ਦਾ ਦਿ੍ਸ਼ਟਾਂਤ :-ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੀ ਜੀਵਨ ਤੇ ਲਿਖੀ ਪੁਸਤਕ ‘ ਪੂਰਨੁ ਸੋਈ ਸੰਤੁ’ ਭਾਗ ਦੂਜਾ ਦੇ ਪੰਨਾ ਨੰਬਰ 81 ਤੇ ਦਰਜ ਸਾਖੀ ।
ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੀ ਜੀਵਨ ਤੇ ਲਿਖੀ ਪੁਸਤਕ ‘ ਪੂਰਨੁ ਸੋਈ ਸੰਤੁ’ ਭਾਗ ਦੂਜਾ ਦੇ ਪੰਨਾ ਨੰਬਰ 81 ਤੇ ਦਰਜ ਸਾਖੀ ।
ਕੰਡਿਆਂ ਦਾ ਦਿ੍ਸ਼ਟਾਂਤ :-
ਅਜੀਤਪੁਰ ਕੁਟੀਆ ( ਯੂ.ਪੀ. ) ਵਿਖੇ ਬਾਬਾ ਜੀ ਬੈਠੇ ਹੋਏ ਸਨ । ਜਥੇਦਾਰ ਗੁਰਮੇਲ ਸਿੰਘ ‘ਅਫ਼ਸਰ’ ਨੇ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ, ਧਰਮੀ ਲੋਕ ਤਾਂ ਕੋਈ ਮਾੜਾ ਕਰਮ ਨਹੀਂ ਕਰਦੇ, ਇੰਨੀ ਬੰਦਗੀ ਕਰਦੇ ਹਨ, ਫੇਰ ਧਰਮੀ ਲੋਕਾਂ ਨੂੰ ਦੁਖ ਕਿਉਂ ਆਉਂਦੇ ਹਨ ? ਬਾਬਾ ਜੀ ਜਥੇਦਾਰ ਜੀ ਦਾ ਪ੍ਰਸ਼ਨ ਸੁਣ ਕੇ ਚੁੱਪ ਰਹੇ । ਥੋੜ੍ਹੀ ਦੇਰ ਬਾਅਦ ਬਾਬਾ ਜੀ ਮੂੜ੍ਹੇ ਤੋਂ ਉੱਠ ਕੇ ਬਾਹਰ ਨੂੰ ਆਏ । ਉੱਥੇ ਕੁਟੀਆ ਦੇ ਕੋਲ ਇੱਕ ਗੁਲਾਬ ਦਾ ਪੌਦਾ ਲੱਗਾ ਹੋਇਆ ਸੀ । ਬਾਬਾ ਜੀ ਨੇ ਜਥੇਦਾਰ ਜੀ ਨੂੰ ਬੁਲਾਇਆ ਤੇ ਗੁਲਾਬ ਨਾਲ ਲੱਗੇ ਕੰਡਿਆਂ ਦੀ ਗਿਣਤੀ ਕਰਨ ਲਈ ਕਿਹਾ । ਜਥੇਦਾਰ ਜੀ ਕੰਡਿਆਂ ਦੀ ਗਿਣਤੀ ਕਰਨ ਲੱਗੇ, ਪਰ ਕੰਢੇ ਗਿਣਤੀ ਵਿਚ ਨਾ ਆਏ । ਜਥੇਦਾਰ ਜੀ ਬਾਬਾ ਜੀ ਨੂੰ ਕਹਿੰਦੇ ਕਿ ਬਾਬਾ ਜੀ, ਕੰਡੇ ਤਾਂ ਬਹੁਤ ਹਨ, ਇਹ ਗਿਣੇ ਨਹੀਂ ਜਾਂਦੇ । ਬਾਬਾ ਜੀ ਜਥੇਦਾਰ ਜੀ ਨੂੰ ਕਹਿੰਦੇ , “ਪੁੱਤ, ਧਰਮੀ ਪੁਰਖਾਂ ਨੂੰ ਦੁੱਖ ਕਾਹਦਾ ?
ਗੁਰਮੁਖਿ ਦੁਖੁ ਕਦੇ ਨ ਲਗੈ ਸਰੀਰਿ ॥ ਗੁਰਮੁਖਿ ਹਉਮੈ ਚੂਕੈ ਪੀਰ ॥
ਗੁਰਮੁਖਿ ਮਨੁ ਨਿਰਮਲੁ ਫਿਰਿ ਮੈਲੁ ਨ ਲਾਗੈ ਗੁਰਮੁਖਿ ਸਹਜਿ ਸਮਾਵਣਿਆ ॥
ਇਹ ਤਾਂ ਗ੍ਰਿਹਸਤੀਆਂ ਦੇ ਦੁੱਖ ਹੁੰਦੇ ਨੇ । ਜਿਵੇਂ ਗੁਲਾਬ ਨੂੰ ਕੰਡੇ ਲੱਗੇ ਹੁੰਦੇ ਨੇ, ਇਉਂ ਹੀ ਧਰਮੀ ਪੁਰਖਾਂ ਨਾਲ ਵੀ ਅਨੇਕਾਂ ਸੰਸਾਰੀ ਲੋਕ ਜੁੜੇ ਹੁੰਦੇ ਨੇ ।
ਬਾਬਾ ਜੀ ਇਹ ਬਚਨ ਵੀ ਕਰਦੇ ਹੁੰਦੇ ਸਨ , “ ਮਹਾਂਪੁਰਖ ਚੰਗਾ ਖਾਂਦੇ, ਚੰਗਾ ਪਹਿਨਦੇ, ਚੰਗਾ ਬੋਲਦੇ, ਚੰਗਾ ਸੁਣਦੇ ਤੇ ਚੰਗੀ ਸੰਗਤ ਵਿਚ ਰਹਿੰਦੇ ਮਹਾਂਪੁਰਖਾਂ ਨੂੰ ਦੁੱਖ ਕਾਹਦਾ ?” ਬਚਨ ਭੀ ਹੈ-
ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ ॥
ਮਹਾਂਪੁਰਖਾਂ ਨੂੰ ਤਾਂ ਗ੍ਰਿਹਸਤੀਆਂ ਦੇ ਦੁੱਖ ਹੁੰਦੈ, ਜੋ ਮਹਾਂ ਪੁਰਖਾਂ ਦੇ ਕੋਲ ਆ ਕੇ ਸੁੱਖਣਾ ਸੁੱਖਦੇ, ਅਰਦਾਸਾਂ ਕਰਵਾਉਂਦੇ । ਧਰਮੀ ਪੁਰਖ ਦਇਆ ਦੇ ਸੋਮੇ ਹੁੰਦੇ ਹਨ, ਉਹ ਆਪਣੀ ਕਮਾਈ ਵਿੱਚੋਂ ਵੀ ਗ੍ਰਿਹਸਤੀਆਂ ਦਾ ਭਲਾ ਕਰਦੇ ਹਨ । ਕਈ ਵਾਰ ਉਨ੍ਹਾਂ ਦਾ ਦੁੱਖ ਵੀ ਆਪਣੇ ਉੱਤੇ ਝੱਲ ਲੈਂਦੇ ਹਨ । ਪੁੱਤ, ਧਰਮੀ ਪੁਰਖਾਂ ਦਾ ਆਪਣਾ ਕੋਈ ਲੇਖਾ ਨਹੀਂ ਹੁੰਦਾ, ਇਹ ਤਾਂ ਉਨ੍ਹਾਂ ਦਾ ਪਰਉਪਕਾਰੀ ਸੁਭਾਓ ਹੁੰਦਾ ਹੈ ਜਿਸ ਕਰਕੇ ਗ੍ਰਿਹਸਤੀਆਂ ਦਾ ਦੁੱਖ ਉਹ ਆਪਣੀ ਉੱਤੇ ਝੱਲ ਲੈਂਦੇ ਹਨ । ਬਚਨ ਭੀ ਹੈ –
ਸਹਨਿ ਅਵਟਣ ਪਰਉਪਕਾਰੀ ॥
ਭਾਈ ਗੁਰਦਾਸ ਜੀ ਵੀ ਬਚਨ ਕਰਦੇ ਹਨ ਕਿ ਪੂਰਨ ਗੁਰੂ ਸਿੱਖ ਦੇ ਅਵਗੁਣ ਲੈ ਕੇ ਗੁਣ ਬਖਸ਼ਿਸ਼ ਕਰਦਾ ਹੈ ਤੇ ਉਸ ਦੇ ਦੁੱਖ ਹਰ ਲੈਂਦਾ ਹੈ ।
ਸਉਦਾ ਇਕਤੁ ਹਟਿ ਹੈ ਪੀਰਾਂ ਪੀਰੁ ਗੁਰਾਂ ਗੁਰੁ ਪੂਰਾ ।
ਪਤਿਤ ਉਧਾਰਣੁ ਦੁਖ ਹਰਣੁ ਅਸਰਣੁ ਸਰਣਿ ਵਚਨ ਦਾ ਸੂਰਾ ।
ਅਉਗੁਣ ਲੈ ਗੁਣ ਵਿਕਣੈ ਸੁਖ ਸਾਗਰੁ ਵਿਸਰਾਇ ਵਿਸੂਰਾ ।
ਕੋਟ ਵਿਕਾਰ ਹਜਾਰ ਲਖ ਪਰਉਪਕਾਰੀ ਸਦਾ ਹਜੂਰਾ।
ਗੁਰੂ ਸਾਹਿਬ ਜੀ ਵੀ ਬਖ਼ਸ਼ਿਸ਼ ਕਰਦੇ ਹਨ ਕਿ -
ਇਕਿ ਗੁਣ ਵਿਹਾਝਹਿ ਅਉਗਣ ਵਿਕਣਹਿ ਗੁਰ ਕੈ ਸਹਜਿ ਸੁਭਾਇ ॥
ਗੁਰ ਸੇਵਾ ਤੇ ਨਾਉ ਪਾਇਆ ਵੁਠਾ ਅੰਦਰਿ ਆਇ ॥
ਬਾਬਾ ਜੀ ਦੇ ਕੋਲੋਂ ਇਹ ਪਰਮ ਵਿਚਾਰਾ ਸੁਣ ਕੇ ਜਥੇਦਾਰ ਗੁਰਮੇਜ ਸਿੰਘ ਜੀ ਦਾ ਸ਼ੰਕਾ ਨਵਿਰਤ ਹੋ ਗਿਆ ਤੇ ਉਨ੍ਹਾਂ ਨੇ ਬਾਬਾ ਜੀ ਦਾ ਸ਼ੁਕਰਾਨਾ ਕਰਦੇ ਹੋਏ ਸਤਿਬਚਨ ਕੀਤਾ ।
ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੇ ਜੀਵਨ ਤੇ ਲਿਖੀ ਪੁਸਤਕ ‘ ਪੂਰਨੁ ਸੋਈ ਸੰਤੁ’ ਪ੍ਰਾਪਤ ਕਰਨ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ 9814573037, 9464433688 । ਇਨ੍ਹਾਂ ਨੰਬਰਾਂ ਤੇ ਵ੍ਹੱਟਸ ਐਪ ਤੇ ਆਪਣਾ ਪਤਾ ਭੇਜੋ । ਇਹ ਪੁਸਤਕ ਬਿਲਕੁਲ ਫ੍ਰੀ ਵਿੱਚ ਆਪ ਦੇ ਪਤੇ ਤੇ ਪਹੁੰਚ ਜਾਵੇਗੀ ।
Comments
Post a Comment