ਕਿਸੇ ਬੰਦੇ ਦਾ ਇੱਕ ਬੋਲਿਆ ਵਾਕ ਜਾਂ ਇੱਕ ਫੈਸਲਾ ਦੱਸ ਦਿੰਦਾ ਬੀ ਉਹ ਬੰਦਾ ਅੰਦਰੋਂ ਕਿਵੇਂ ਆਂ… ਕਿੰਨਾ ਨਰਮ ਐ… ਮੂਸੇ ਆਲ਼ੇ ਨੇ ਆਵਦੀ ਹਵੇਲੀ ਛੱਤੀ
ਕਿਸੇ ਬੰਦੇ ਦਾ ਇੱਕ ਬੋਲਿਆ ਵਾਕ ਜਾਂ ਇੱਕ ਫੈਸਲਾ ਦੱਸ ਦਿੰਦਾ ਬੀ ਉਹ ਬੰਦਾ ਅੰਦਰੋਂ ਕਿਵੇਂ ਆਂ… ਕਿੰਨਾ ਨਰਮ ਐ… ਮੂਸੇ ਆਲ਼ੇ ਨੇ ਆਵਦੀ ਹਵੇਲੀ ਛੱਤੀ… ਮੂਹਰੇ ਦੋ ਕਮਰੇ ਫਾਲਤੂ ਪਾ ਲਏ… ਘਰਦੇ ਕਹਿੰਦੇ ਏਹ ਕਿਉਂ… ਕਹਿੰਦਾ ਮੇਰੇ ਚਾਹੁਣ ਆਲ਼ੇ ਮੈਨੂੰ ਮਿਲਣ ਆਉਂਦੇ ਰਹਿੰਦੇ ਨੇ… ਮੈਂ ਕਈ ਵਾਰ ਲੇਟ ਆਉਨਾਂ ਘਰੇ… ਮਿਲਣ ਆਲ਼ੇ ਦੂਰੋਂ ਆਏ ਹੁੰਦੇ ਨੇ… ਜੇ ਕਿਸੇ ਨੂੰ ਰਾਤ ਪੈਜੇ… ਐਥੇ ਆਹ ਦੋ ਕਮਰਿਆਂ ਚ ਰਹਿ ਲੈਣਗੇ… ਸਵੇਰੇ ਤੁਰ ਜਾਣਗੇ…
ਕਿੰਨਾ ਪਿਆਰ ਸੀ ਚਾਹੁਣ ਵਾਲ਼ਿਆਂ ਨਾਲ਼ ਉਹਦਾ… ਹੋਰ ਕਲਾਕਾਰ ਨੇੜੇ ਨੀ ਲੱਗਣ ਦਿੰਦੇ ਫੈਨਾਂ ਨੂੰ… ਗੱਡੀਆਂ ਨਾਲ਼ ਫੋਟੋਆਂ ਖਚਾ ਖਚਾ ਮੁੜਦੇ ਨੇ… ਪਰ ਮੂਸੇ ਆਲ਼ਾ ਹਰੇਕ ਨੂੰ ਜੱਫੀ ਪਾਕੇ ਮਿਲਦਾ ਸੀ… ਕੋਈ ਫਰਕ ਨੀ ਪੈਂਦਾ ਸੀ ਤੁਸੀਂ ਉਹਨੂੰ ਮਿਲਣ ਕੋਟ ਪੈਂਟ ਪਾਕੇ ਗਏ ਓਂ ਜਾਂ ਪਾਟੀ ਟੀ ਸ਼ਲਟ ਪਾਕੇ… ਬਠੌਣਾ ਥੋਨੂੰ ਆਵਦੇ ਬਰੋਬਰ ਉਸੇ ਸੋਫੇ ਤੇ ਸੀ… ਜੋ ਚਾਹ ਜੋ ਰੋਟੀ ਪਾਣੀ ਆਪ ਖਾਣਾ… ਉਹੀ ਥੋਨੂੰ ਆਉਣਾ… ਕਦੇ ਕੋਈ ਫਰਕ ਨੀ ਸੀ… ਹਮੇਸ਼ਾ ਕਹਿੰਦਾ… ਜਿੱਦਣ ਮੇਰੀ ਮਾਂ ਚਰਨ ਕੌਰ ਦੇ ਘਰੋਂ ਕੋਈ ਭੁੱਖਾ ਜਾਂ ਨਿਰਾਸ਼ ਹੋਕੇ ਮੁੜਗਿਆ… ਸਿੱਧੂ ਉੱਦਣ ਈ ਮਰਗਿਆ ਸਮਜ…
ਕੇਰਾਂ ਇੱਕ ਫੈਨ ਮਿਲਣ ਆਗਿਆ… ਕੱਠ ਜਿਆਦਾ ਸੀ ਹਵੇਲੀ ਅੱਗੇ… ਜਦ ਸਿੱਧੂ ਨੂੰ ਮਿਲਕੇ ਮੁੜਿਆ… ਕਿਸੇ ਨੇ ਮੋਟਰਸੈਕਲ ਚੋਰੀ ਕਰਲਿਆ ਬਾਹਰੋਂ… ਗਰੀਬ ਬੰਦਾ ਜਮਾਂ ਡੋਲ ਗਿਆ… ਭਰੇ ਮਨ ਨਾਲ਼ ਸਿੱਧੂ ਕੋਲ ਫੇਰ ਤੁਰਗਿਆ ਅੰਦਰ… ਕਹਿੰਦਾ ਬਾਈ ਐਂਵੇ ਹੋਗੀ… ਸਿੱਧੂ ਕਹਿੰਦਾ ਕਿੰਨੇ ਕੁ ਦਾ ਸੀ ਮੋਟਰਸੈਕਲ… ਕਹਿੰਦਾ ਬਾਈ ਸੈਕੰਡ ਹੈਂਡ ਈ ਲਿਆ ਸੀ… 25-30 ਹਜਾਰ ਦਾ ਹੋਣਾ … ਸਿੱਧੂ ਅੰਦਰ ਗਿਆ… 31 ਹਜਾਰ ਨਕਦ ਲਿਆ ਕੇ ਉਸ ਮੁੰਡੇ ਦੇ ਹੱਥ ਤੇ ਧਰਤੇ… ਕਹਿੰਦਾ ਨਮਾਂ ਲੈ ਲੀਂ ਛੋਟੇ ਵੀਰ… ਮਨ ਨੀ ਹੌਲਾ ਕਰਨਾ…
ਇੱਕ ਗੌਣ ਆਲ਼ਾ ਸੀ… ਮਨਿੰਦਰ ਮੰਗਾ… ਪਿੱਛੇ ਜੇ ਪੂਰਾ ਹੋਗਿਆ… ਦੋ ਕੁੜੀਆਂ ਉਹਦੇ… ਕਮੌਣ ਆਲ਼ਾ ਕੱਲਾ ਉਹੀ ਸੀ.. ਜੋ ਤੁਰਗਿਆ.. ਸਿੱਧੂ ਨੇ ਚੁੱਪ ਚੁਪੀਤੇ ਕੁੜੀਆਂ ਦੀ ਮੱਦਦ ਕੀਤੀ… ਨਾਲ਼ ਆਪਣਾ ਨੰਬਰ ਦੱਤਾ.. ਬੀ ਕਦੇ ਵੀ ਲੋੜ ਪੈਗੀ…ਫੋਨ ਮਾਰਲਿਓ… ਦਰਵਾਜੇ ਖੁੱਲੇ ਮਿਲਣਗੇ… ਜਸਵਿੰਦਰ ਬਰਾੜ.. ਵਰਗੇ ਕਿੰਨੇ ਈ ਮੂੰਹੋਂ ਮਹਿਜ ਇੱਕ ਵਾਰ ਨਾਂ ਲੈਕੇ ਈ ਦਬਾਰੇ ਜਿਊਂਦਿਆਂ ਚ ਕਰਤੇ….ਡਿੰਪੀ ਚੰਦ… ਭਾਈ ਜਟਾਣਾ… ਸਰਚਾਂ ਵੱਜਣ ਲਾਤੇ..ਦਰ ਤੇ ਕੋਈ ਗਿਆ… ਪਿੱਠ ਤੇ ਹੱਥ ਧਰ ਹਰੇਕ ਨੂੰ ਕਿਹਾ… ਚੱਕਦੇ ਕੰਮ… ਤੇਰੇ ਨਾਲ਼ ਆਂ… ਲੋੜ ਪੈਗੀ ਤੇ ਦੱਸੀਂ…
ਅੱਜ ਮਹੀਨਾ ਹੋਗਿਆ ਗਏ ਨੂੰ… ਪਰ ਦਿਲ ਨੀ ਮੰਨਦਾ… ਸੱਚੀਂ ਜੀਅ ਨੀ ਲੱਗਦਾ… ਕਿਸੇ ਦਾ ਫੋਨ ਚੱਕਣ ਨੂੰ… ਕਿਸੇ ਨਾਲ਼ ਗੱਲ ਕਰਨ ਨੂੰ… ਕਿਤੇ ਜਾਣ ਨੂੰ… ਕੁਜ ਕਰਨ ਨੂੰ ਜੀਅ ਨੀ ਕਰਦਾ… ਕਿੰਨਾ ਕੁਛ ਪੜਲਿਆ ਵੇਖਲਿਆ ਸਿੱਧੂ ਬਾਰੇ… ਆਪ ਕਿੰਨਾ ਕੁਜ ਲਿਖਲਿਆ… ਪਰ ਮਨ ਨੀ ਭਰਿਆ… ਜੀਅ ਕਰਦਾ ਬੱਸ ਉਹਦੀਆਂ ਗੱਲਾਂ ਕਰੀ ਜਾਵਾਂ.. ਬੱਸ ਕਰੀ ਜਾਵਾਂ… ਹੋ ਸਕਦੈ ਥੋਨੂੰ ਮੈਂ ਕਮਲ਼ਾ ਹੋਗਿਆ ਲੱਗਾਂ… ਪਰ ਜਿਨਾਂ ਨਾਲ ਥੋਡਾ ਪਿਆਰ ਹੁੰਦਾ… ਜਿੱਥੇ ਤੁਸੀਂ ਅੰਦਰੋਂ ਜੁੜੇ ਹੁੰਦੇ ਓ… ਜਦ ਉਹ ਵਿੱਛੜਦੇ ਨੇ… ਕਿੰਨੀ ਤਕਲੀਫ ਹੁੰਦੀ… ਬੰਦਾ ਕਿੰਨਾ ਟੁੱਟ ਜਾਂਦਾ… ਏਹ ਸ਼ੈਦ ਲਿਖ ਕੇ ਬੋਲਕੇ ਬਿਆਨ ਨੀ ਕੀਤਾ ਜਾ ਸਕਦਾ…
ਉਹ ਜਿੱਥੇ ਵੀ ਹੈ… ਉਵੇਂ ਈ ਨੇਹਰੀ ਠਾਅ ਕੇ ਰੱਖੇ… ਰੱਬ ਕਦੇ ਕਿਤੇ ਕਿਸੇ ਜਹਾਨ ਚ ਓਸ ਨਾਲ਼ ਮੇਲ ਜਰੂਰ ਕਰਾਵੇ… ਫੇਰ ਉਹਨੂੰ ਦੱਸ ਸਕਾਂ… ਕਿ ਤੇਰੇ ਜਾਣ ਪਿੱਛੋਂ ਤੇਰੇ ਦੀਵਾਨਿਆਂ ਦਾ ਹਾਲ ਕੀ ਸੀ… ਕਿਵੇਂ ਲੋਕ ਕੰਧਾਂ ਕੌਲਿਆਂ ਨਾਲ ਲੱਗ ਲੱਗ ਕੇ ਰੋਏ ਨੇ… ਜੋ ਤੇਰੇ ਹਿੱਸੇ ਆਇਆ… ਉਹ ਅਰਬਾਂ ਖਰਬਾਂ ਚੋਂ ਕਿਸੇ ਇੱਕ ਦੇ ਆਉਂਦਾ… ਤੇਰੇ ਵਰਗਾ ਤੂੰ ਈ ਸੀ… ਨਾਂ ਪਹਿਲਾਂ ਕੋਈ ਆਇਆ… ਨਾਂ ਮਗਰੋਂ ਆਉਣਾ…. ਬੱਸ ਇੱਕ ਵਾਰ ਕਿਤੋਂ ਆਕੇ ਕਹਿਜਾ… ਓ ਮੁੱਕਿਆ ਨੀ…. ਮਰਿਆਂ ਨੂੰ ਜਿਊਂਦਿਆਂ ਚ ਕਰਜਾ ਇੱਕ ਵਾਰ ਬੱਸ…!!!
Comments
Post a Comment