{
ਕਹਾਣੀ } ਹੁਣ ਮਰੀ ਮਾਂ ਨੂੰ ਰੋਣ ਆ ਗਿਆਂ !
ਤਰਲੋਚਨ ਸਿੰਘ ਆਪਣੇ ਪਿੰਡ ਦਾ ਮੱਧਵਰਗੀ ਕਿਸਾਨ ਸੀ ।
ਪਿੰਡ ਦੇ ਲੋਕ ਉਸਨੂੰ ਆਮ ਕਰਕੇ ਤੋਚਾ ਹੀ ਆਖਦੇ ਸਨ । ਤਰਲੋਚਣ
ਸਿੰਘ ਕੋਲ ਬਾਰਾਂ ਕਿੱਲੇ ਜਮੀਨ ਸੀ , ਜਿਸਨੂੰ ਛੋਟਾ ਮੁੰਡਾ
ਵਾਹੁੰਦਾ ਸੀ । ਤਰਲੋਚਣ ਸਿੰਘ ਦੇ ਵੱਡੇ ਮੁੰਡੇ ਦੀ ਘਰਵਾਲੀ ਦੇ
ਪੇਕਿਆਂ ਨੇ ਪਤਾ ਨੀ ਕਿਹੜੇ ਹਿਸਾਬ ਨਾਲ ਧੀ ਤੇ ਜਵਾਈ ਨੂੰ
ਕੈਨੇਡਾ ਬੁਲਾ ਲਿਆ । ਅੱਠ ਸਾਲ ਹੋ ਗਏ ਪਰ ਉਹ ਇੱਕ ਵਾਰ ਵੀ
ਵਾਪਿਸ ਨਾ ਆਇਆ । ਅਖੇ ਆ ਨੀ ਸਕਦਾ ਛੁੱਟੀ ਨੀ ਮਿਲਦੀ
ਮਸਾਂ ਕੰਮ ਮਿਲਿਆ ਪਤਾ ਨੀ ਇਹੋ ਜਾ ਕਿਹੜਾ ਕੰਮ ਜਿਸਤੋਂ
ਛੁੱਟੀ ਨੀ ਮਿਲਦੀ ।ਤਰਲੋਚਣ ਸਿੰਘ ਅੰਦਰੇ ਅੰਦਰ ਤਾਂ ਆਪਣੇ ਵੱਡੇ
ਪੁੱਤਰ ਤੇ ਖਿਝਦਾ ਰਹਿੰਦਾ ਤੇ ਉਹਦੇ ਤੋਂ ਵੱਧ ਗੁੱਸਾ ਉਸਨੂੰ ਆਪਣੇ
ਕੁੜਮਾਂ ਤੇ ਆਉਂਦਾ ਜਿਹੜੇ ਉਸ ਨੂੰ ਲੈਕੇ ਗਏ ।"ਐਥੇ ਚੰਗੀ ਭਲੀ
ਜਮੀਨ ਸੀ ਦੋਵੇਂ ਭਰਾ ਰਲਕੇ ਖੇਤੀ ਕਰਦੇ ਤਾਂ ਬੱਲੇ ਬੱਲੇ ਸੀ । ਚੱਲ
ਜੇ ਚਲਾ ਈ ਗਿਆ ਤਾਂ ਕੋਈ ਗੱਲ ਨੀ ਪਰ ਕੰਜਰਾਂ ਗੇੜਾ ਤਾਂ
ਕੱਢਜਾ ਕਦੇ ,ਅਸੀਂ ਹੁਣ ਬੇਗਾਨੇ ਤਾਂ ਨੀ ਹੋ ਗਏ ।" ਤਰਲੋਚਣ ਦੇ
ਪਿਆਰ ਨਾਲ ਭਰੇ ਦਿਲ ਵਿੱਚ ਕਿਹੜੇ ਵੇਲੇ ਗੁੱਸੇ ਦੀ ਲਾਟ ਬਲ
ਪੈਂਦੀ ਕੁਝ ਪਤਾ ਹੀ ਨਾ ਲੱਗਦਾ । ਅਸਲ ਵਿੱਚ ਇਹ ਗੁੱਸਾ ਵੀ
ਪਿਆਰ ਦੀ ਨਿਸ਼ਾਨੀ ਹੀ ਸੀ ।
ਸੱਥ ਵਿੱਚ ਬੈਠੇ ਤਰਲੋਚਣ ਸਿੰਘ ਨੂੰ ਜਦ ਸਾਥੀ ਪੁੱਛਦੇ ਕਿ ਤੋਚਿਆ
ਕਦੋਂ ਆਉਣਾ ਆਪਣੇ ਬਾਹਰਲੇ ਨੇ ਨਾ ਤੋਚਾ ਗੁੱਸੇ ਵਿੱਚ ਹੀ ਬਿਨਾਂ
ਕਿਸੇ ਝਿਜਕ ਤੋਂ ਆਖ ਦਿੰਦਾ ਕਿ "ਹੁਣ ਤਾਂ ਮਰਿਆਂ ਤੋਂ ਆਜੇ
ਬਥੇਰਾ ,ਨੌਂ ਸਾਲ ਤਾਂ ਹੋਣ ਵਾਲੇ ਆ ਹੋਰ ਕਿੰਨਾ ਕੁ ਚਿਰ ਬੈਠੇ
ਰਹਾਂਗੇ ਉਹਨੂੰ ਉਡੀਕਦੇ ,ਢਾਈ ਤਿੰਨ ਮਹੀਨੇ ਬਾਅਦ ਫੋਨ ਕਰ
ਦਿੰਦਾ ਛੁੱਟੀ ਨੀ ਮਿਲਦੀ ਬਸ ਛੇਤੀ ਆਜੂ ।" "ਮੱਘਰਾ ਇਹ ਨੀ
ਆਉਂਦੇ ਜਿਊਦੇਂ ਜੀ ,ਫਿਰ ਮਰਿਆਂ ਤੋਂ ਆ ਜਾਂਦੇ ਆ ।" ਪੈਸਾ ਕੱਲਾ
ਅੱਗ ਲਾਉਣਾ ਜਦੋਂ ਜੰਮਨ ਵਾਲਿਆਂ ਦੀ ਬਾਤ ਨੀ ਪੁੱਛਣੀ
,ਜਿੰਨਾਂ ਦੇ ਤਾਂ ਸੋਹਣ ਸਿਹਾਂ ਮੋਹ ਕਰਦੇ ਆ ਉਹ ਤਾਂ ਚੜ੍ਹਦੇ ਸਾਲ
ਈ ਆ ਜਾਂਦੇ ਆ ਪਰ ਜਿਹੜੇ ਯਾਦ ਈ ਨੀ ਕਰਦੇ ਉਹ ਨੀ ਆਉਂਦੇ
ਛੇਤੀ ।" "ਮਰਿਆਂ ਤੋਂ ਆ ਕੇ ਭੋਗ ਤੇ ਪੈਸਾ ਖਰਚਕੇ ਬੱਲੇ ਬੱਲੇ ਕਰਾ
ਲੈਂਦੇ ਆ ਜਿਉਂਦੇ ਜੀ ਸਾਰ ਨੀ ਲੈਂਦੇ ।"
"ਹਾਲੇ ਤਾਂ ਚੱਲ ਛੋਟਾ ਸਾਂਭੀ ਜਾਂਦਾ ਜੇ ਏਹ ਨਾ ਹੁੰਦਾ ਅਸੀਂ
ਤਾਂ ਰੁਲਗੇ ਸੀ ਨਾ ! ਮਾਂ ਇਹਦੀ ਹੁਣ ਮੈਂਨੂੰ ਮਹੀਨਾ ਕੱਟਦੀ ਨੀ
ਦੀਹਦੀਂ ,ਰੋਜ ਆਖੂ ਕੇਰਾਂ ਮਿਲਜੇ ਜਿਊਂਦੇ ਜੀ ,ਜੁੱਗੜੇ ਬੀਤਗੇ ਮੂੰਹ
ਦੇਖੇ ਨੂੰ ,ਭੁੱਲਿਆ ਵੀ ਨੀ ਜਾਂਦਾ ਡੁੱਬਜਾਣਾ ,ਪੋਤੇ ਪੋਤੀਆਂ ਨੂੰ
ਮਿਲਾਜੇ ਕੇਰਾ ਫੇਰ ਭਾਵੇਂ ਨਾ ਈ ਆਵੇਂ ।" ਅਸਲ ਵਿੱਚ ਤਰਲੋਚਨ
ਕਦੇ ਵੀ ਇਸ ਮਾਮਲੇ ਆਪਣੇ ਵਿੱਚ ਆਪਣੇ ਪੁੱਤਰ ਦੇ ਹੱਕ ਵਿੱਚ ਗੱਲ
ਨਾ ਕਰਦਾ ਕਿਉਂਕਿ ਉਹ ਪੈਸੇ ਪਿੱਛੇ ਆਪਣਿਆਂ ਨੂੰ ਭੁੱਲਣ
ਵਾਲਿਆਂ ਲਈ ਹਮੇਸ਼ਾ ਹੀ ਕੌੜਾ ਬੋਲਦਾ ਸੀ । ਉਸਦਾ ਕਹਿਣਾ
ਸੀ ਕਿ ਪੈਸਾ ਤਾਂ ਕਮਾਇਆ ਜਾਂਦਾ ਪਰ ਮਰਿਆ ਬੰਦਾ ਨੀ
ਮੁੜਕੇ ਆਉਂਦਾ ਜੋ ਕਿ ਸੱਚ ਹੈ ।
ਦਿਨ ਬੀਤਦਿਆਂ ਪੁੱਤਰ ਨੂੰ ਯਾਦ ਕਰਦਿਆਂ ਡੇਢ ਮਹੀਨੇ ਬਾਅਦ
ਬਸੰਤ ਕੌਰ ਚੱਲ ਵਸੀ ।ਛੋਟੇ ਮੁੰਡੇ ਨੇ ਫੋਨ ਘੁਮਾਤਾ ਕਿ "ਬਾਈ ਬੇਬੇ
ਤੁਰਗੀ ,ਵੱਡੇ ਮੁੰਡੇ ਦਾ ਜਵਾਬ ਆਇਆ ਤੁਸੀ ਸੰਸਕਾਰ ਨਾ ਕਰਿਉ
,ਮੈਂ ਜਲਦੀ ਆਉਣਾ ।" ਮੁੰਡੇ ਨੇ ਰਿਸ਼ਤੇਦਾਰਾਂ ਨਾਲ ਰਲਕੇ ਬਸੰਤ
ਕੌਰ ਦੀ ਲਾਸ਼ ਨੂੰ ਮ੍ਰਿਤਕ ਦੇਹ ਸੰਭਾਲ ਘਰ ਵਿੱਚ ਰੱਖ ਆਂਦਾ ।
ਚੌਥੇ ਦਿਨ ਦੁਪਹਿਰੇ ਮਨਜੀਤ ਘਰਵਾਲੀ ਤੇ ਬੱਚਿਆਂ ਸਮੇਤ ਆ
ਪਹੁੰਚਿਆਂ ।ਬਸੰਤ ਕੌਰ ਦੀ ਲਾਸ਼ ਨੂੰ ਦੋ ਤਿੰਨ ਘੰਟੇ ਪਹਿਲਾਂ ਹੀ
ਲਿਆ ਰੱਖਿਆ ਸੀ । ਛੋਟੇ ਦੇ ਗਲ ਲੱਗਣ ਤੋਂ ਬਾਅਦ ਮਨਜੀਤ ਮਾਂ
ਦੀ ਲਾਸ਼ ਤੇ ਸਿਰ ਰੱਖਕੇ ਰੱਜਕੇ ਰੋਇਆ ਤੇ ਨੂੰ ਨੇ ਵੀ ਅੱਖੀਆਂ ਚੋਂ
ਅੱਥਰੂ ਕੇਰੇ ਪਰ ਜਵਾਕ ਹੈਰਾਨ ਤੇ ਗੁੰਮ ਸੁੰਮ ਜੇ ਹੋਏ ਖੜੇ ਰਹੇ । ,ਬੱਚਿਆਂ ਨੂੰ ਕੋਲ ਬੁਲਾਕੇ ਮਨਜੀਤ ਬਸੰਤ ਕੌਰ ਦੀ ਲਾਸ਼ ਵੱਲ
ਇਸ਼ਾਰਾ ਕਰਦਿਆਂ ਬੋਲਿਆ ਤੁਹਾਡੀ ਦਾਦੀ ਮਾਂ ਹੈ ਛੋਟੀ
ਕੁੜੀ ਹੈਰਾਨੀ ਨਾਲ ਬੋਲੀ ਦਾਦੀ ਮਾਂ ! "ਉਏ ਇਨ੍ਹਾਂ
ਵਿਚਾਰਿਆਂ ਨੂੰ ਕੀ ਪਤਾ ਦਾਦੀ ਕੌਣ ਹੁੰਦੀ ਆ ।" ਪਾਸੇ ਬੈਠੇ
ਤਰਲੋਚਣ ਤੋਂ ਰਿਹਾ ਨਾ ਗਿਆ ।"ਨਾ ਹੁਣ ਮਰੀ ਮਾਂ ਨੂੰ ਰੋਣ ਆ
ਗਿਆਂ ,ਹੁਣ ਵੀ ਨਾ ਆਉਂਦਾ ,ਹੁਣ ਨੀ ਇਹਨੇ ਉੱਠਕੇ ਤੈਨੂੰ ਤੇ ਤੇਰੇ
ਜਵਾਕਾਂ ਨੂੰ ਗਲ ਲਾਉਣਾ ,ਮਰਗੀ ਤੈਨੂੰ ਉਡੀਕਦੀ ,ਜੇ ਇੱਥੇ
ਆਉਂਦਾ ਰਹਿੰਦਾ ਤਾਂ ਜਵਾਕਾਂ ਨੂੰ ਵੀ ਪਤਾ ਲੱਗਦਾ ਕਿ
ਦਾਦਾ ਦਾਦੀ ਕੌਣ ਹੁੰਦੇ ਆ ,ਤੂੰ ਤਾਂ ਕੰਜਰਾ ਰਿਸ਼ਤੇ ਈ ਖਤਮ ਕਰਤੇ
,ਹਿੱਕ ਤੇ ਧਰਲਾ ਹੁਣ ਡਾਲਰਾਂ ਨੂੰ ਪਰ ਮਾਂ ਤਾਂ ਨੀ ਖਰੀਦੀ
ਜਾਣੀ ਇਹਨਾਂ ਨਾਲ । ਬਸੰਤ ਕੁਰੇ ਆ ਗਿਆ ਤੇਰਾ ਬਾਹਰਲਾ ਤੇ
ਨਾਲੇ ਪੋਤੇ ਪੋਤੀਆਂ ,ਤੂੰ ਤਾਂ ਉਡੀਕਦੀ ਤੁਰਗੀ ।" ਏਨਾ ਕਹਿੰਦੇ
ਤਰਲੋਚਣ ਦਾ ਗਲਾ ਭਰ ਆਇਆ ਤੇ ਤੇ ਉਹ ਨਿੱਕੀ ਪੋਤੀ ਨੂੰ ਗਲ
ਨਾਲ ਲਾਉਂਦਾ ਧਾਹੀਂ ਰੋ ਪਿਆ ।
Comments
Post a Comment